
ਚੰਡੀਗੜ੍ਹ, 21 ਫਰਵਰੀ : ਜਾਨਵਰਾਂ ‘ਤੇ ਅਤਿਆਚਾਰ ਰੋਕਣ ਅਤੇ ਚੰਗਾ ਵਤੀਰਾ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਸਾਰੇ ਡੌਗ ਬਰੀਡਰਾਂ, ਪੈੱਟ ਸ਼ਾਪਸ ਅਤੇ ਪਸ਼ੂ ਭਲਾਈ ਸੰਸਥਾਵਾਂ ਦੀ ਪਸ਼ੂ ਭਲਾਈ ਬੋਰਡ ਵਿਚ ਰਜਿਸਟਰੇਸ਼ਨ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਜਾਨਵਰਾਂ ਨਾਲ ਚੰਗੇ ਵਿਵਹਾਰ ਨੂੰ ਉਤਸ਼ਾਹਿਤ ਕਰਨ ਅਤੇ ਜਾਨਵਰਾਂ ‘ਤੇ ਤਸ਼ੱਦਦ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ।
ਅੱਜ ਇਥੇ ਪਸ਼ੂ ਭਲਾਈ ਬੋਰਡ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹੁਣ ਡੌਗ ਬਰੀਡਿੰਗ ਐਂਡ ਮਾਰਕੀਟਿੰਗ ਐਕਟ 2016 ਅਧੀਨ ਸਾਰੇ ਡੌਗ ਬਰੀਡਰਾਂ, ਕੁੱਤਿਆਂ ਦੇ ਸਮਾਨ ਦੀਆਂ ਦੁਕਾਨਾਂ ਅਤੇ ਜਾਨਵਰਾਂ ਦੀ ਭਲਾਈ ਲਈ ਬਣੀਆਂ ਸੰਸਥਾਵਾਂ ਦੀ ਰਜਿਸਟਰੇਸ਼ਨ ਜਰੂਰੀ ਕਰ ਦਿੱਤੀ ਗਈ ਹੈ। ਇਸ ਨਾਲ ਜਾਨਵਰਾਂ ਦੀ ਚੰਗੀ ਸਾਂਭ ਸੰਭਾਲ ਯਕੀਨੀ ਬਣਾਈ ਜਾ ਸਕੇਗੀ। ਇਸ ਨਾਲ ਜਾਨਵਰਾਂ ਦੀ ਸਾਂਭ ਸੰਭਾਲ ਲਈ ਨਿਯਮਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾ ਸਕੇਗੀ। ਇਸ ਨਾਲ ਜਾਨਵਰਾਂ ‘ਤੇ ਵਾਪਰਕ ਪੱਧਰ ‘ਤੇ ਕੀਤੇ ਜਾਂਦੇ ਅੱਤਿਆਚਾਰ ਨੂੰ ਵੀ ਰੋਕਿਆ ਜਾ ਸਕੇਗਾ।
ਸ੍ਰੀ ਖੁੱਡੀਆਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਾਨਵਰਾਂ ਦੀ ਚੰਗੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਯਤਨ ਕੀਤੇ ਜਾਣ। ਇਸ ਸਬੰਧੀ ਸਕੂਲਾਂ ਤੇ ਕਾਲਜਾਂ ਵਿਚ ਭਾਸ਼ਣ ਮੁਕਾਬਲੇ ਅਤੇ ਹੋਰ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਜਾਣ।