
ਫਰੀਦਕੋਟ, 18 ਜਨਵਰੀ : ਇਸ ਸ਼ਹਿਰ ਨਾਲ ਲੱਗਦੀ ਸਰਹੰਦ ਫੀਡਰ ਨਹਿਰ ਦੀ ਦਸ ਕਿੱਲੋਮੀਟਰ ਦੀ ਮੁੜ ਉਸਾਰੀ ਕਰਵਾਈ ਜਾ ਰਹੀ ਹੈ, ਜਿਸਦਾ ਕੰਮ ਇਸ ਮਹੀਨੇ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਸਰਹੰਦ ਫੀਡਰ ਨਹਿਰ ਤੋਂ ਦੱਖਣ ਪੱਛਮੀ ਜਿਲਿਆਂ ਨੂੰ ਨਹਿਰੀ ਪਾਣੀ ਸਪਲਾਈ ਕੀਤਾ ਜਾਂਦਾ ਹੈ। ਇਹ ਨਹਿਰ ਬਣੀ ਨੂੰ 60 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ, ਇਸ ਕਾਰਨ ਕਈ ਥਾਵਾਂ ਤੋਂ ਨਹਿਰ ਕਮਜ਼ੋਰ ਹੋ ਗਈ ਹੈ। ਇਸ ਲਈ ਜਲ ਸਰੋਤ ਵਿਭਾਗ ਵਲੋਂ ਇਸ ਨਹਿਰ ਦਾ 10 ਕਿੱਲੋਮੀਟਰ ਦੇ ਹਿੱਸੇ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨੂੰ ਦੁਬਾਰਾ ਪੱਕਾ ਕਰਨ ਵੇਲੇ ਨਹਿਰ ਦੇ ਬੈੱਡ ਨੂੰ ਸਿੰਗਲ ਲੇਅਰ ਇੱਟ ਨਾਲ ਹੀ ਬਿਨਾਂ ਪਲਾਸਟਿਕ ਤੋਂ ਪੱਕਾ ਕੀਤਾ ਜਾਵੇਗਾ, ਤਾਂ ਜੋ ਆਸ ਪਾਸ ਦੇ ਇਲਾਕੇ ਦਾ ਪਾਣੀ ਦਾ ਪੱਧਰ ਬਣਿਆ ਰਹੇ। ਉਨ੍ਹਾਂ ਨੇ ਦੱਸਿਆ ਕਿ ਨਹਿਰ ਦੀ ਮੁੜ ਉਸਾਰੀ ਦਾ ਕੰਮ ਜਨਵਰੀ ਫਰੀਵਰੀ ਮਹੀਨੇ ਵਿਚ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।