Thursday, November 6Malwa News
Shadow

ਮਰਹੂਮ ਸਰਦਾਰ ਬੂਟਾ ਸਿੰਘ ‘ਤੇ ਟਿੱਪਣੀ ਰਾਹੀਂ ਰਾਜਾ ਵੜਿੰਗ ਨੇ ਆਪਣੀ ਮਨੂਵਾਦੀ ਸੋਚ ਦਾ ਪ੍ਰਗਟਾਵਾ ਕੀਤਾ :  ਹਰਭਜਨ ਸਿੰਘ ਈ.ਟੀ.ਓ.

ਚੰਡੀਗੜ੍ਹ, 04 ਨਵੰਬਰ : –  ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਸਰਦਾਰ ਬੂਟਾ ਸਿੰਘ ਉੱਤੇ ਟਿੱਪਣੀਆਂ ਰਾਹੀਂ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਮਨੂਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਹ ਗੱਲ ਅੱਜ ਇੱਥੇ ਜਾਰੀ ਪ੍ਰੈਸ ਨੋਟ ਰਾਹੀਂ ਸ. ਹਰਭਜਨ ਸਿੰਘ ਈ.ਟੀ.ਓ.  ਕੈਬਨਿਟ ਮੰਤਰੀ ਨੇ ਆਖੀ।

ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਜਿਸ ਨੂੰ ਵੀਡੀਓ ਵਿੱਚ ਪੱਠੇ ਪਾਉਣ ਵਾਲਾ ਦੱਸ ਰਿਹਾ ਹੈ  ਉਸ ਦੀ ਵਿੱਦਿਅਕ ਯੋਗਤਾ ਬੀ.ਏ. ਆਨਰਜ , ਐਮ.ਏ. ਅਤੇ ਪੀ.ਐਚ.ਡੀ.ਸੀ. ਅਤੇ ਪੱਤਰਕਾਰੀ ਸਮੇਤ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਉਪਰੰਤ 1962 ਵਿੱਚ 25 ਸਾਲ ਦੀ ਉਮਰ ਵਿੱਚ ਮੈਂਬਰ ਪਾਰਲੀਮੈਂਟ ਬਣ ਗਏ ਸਨ।

ਸਰਦਾਰ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਜਿਸ ਤਰ੍ਹਾਂ ਰਾਜਾ ਵੜਿੰਗ ਰੰਗ ਆਧਾਰਤ ਟਿੱਪਣੀ ਕਰ ਰਹੇ ਹਨ ਉਹ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਹ ਟਿੱਪਣੀ ਰਾਜਾ ਵੜਿੰਗ ਦੀ ਦੇਸ਼ ਦੀਆਂ ਅਨੂਸੂਚਿਤ ਜਾਤੀਆਂ ਪ੍ਰਤੀ ਸੋਚ ਨੂੰ ਦਰਸਾਉਂਦੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮੁੱਢ ਤੋਂ ਹੀ ਦਲਿਤ ਵਿਰੋਧੀ ਰਹੀ ਹੈ ਅਤੇ ਇਸ ਪਾਰਟੀ ਨੇ ਡਾ. ਬੀ.ਆਰ. ਅੰਬੇਡਕਰ ਜੀ ਦਾ ਵੀ ਸਦਾ ਵਿਰੋਧ ਹੀ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਦਲਿਤ ਵਿਧਾਇਕ ਨੂੰ ਮੁਖਾਤਿਬ ਹੁੰਦਿਆ ਕਿਹਾ ਸੀ ਕਿ ਇਹ ਕਿਸ ਤਰ੍ਹਾਂ ਦਾ ਮੈਟੀਰਿਅਲ ਵਿਧਾਨ ਸਭਾ ਵਿੱਚ ਆ ਗਿਆ ਹੈ ।

ਸਰਦਾਰ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਭਾਰਤ ਦਾ ਅਨੂਸੂਚਿਤ ਜਾਤੀ ਸਮਾਜ ਡਾ. ਬੀ.ਆਰ. ਅੰਬੇਡਕਰ ਦਾ ਸਦਾ ਰਿਣੀ ਰਹੇਗਾ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਰਾਹੀ ਬਰਾਬਰੀ ਦੇ ਅਧਿਕਾਰ ਦਿੱਤੇ ਨਹੀਂ ਤਾਂ ਰਾਜਾ ਵੜਿੰਗ ਵਰਗੇ ਕਾਂਗਰਸੀ ਆਗੂ ਦਲਿਤਾਂ ਨੂੰ ਉੱਪਰ ਉੱਠਣ ਦਾ ਮੌਕਾ ਨਹੀਂ ਦਿੰਦੇ।