ਚੰਡੀਗੜ੍ਹ, 7 ਦਸੰਬਰ : ਪੰਜਾਬ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ 2356 ਸੋਲਰ ਪੰਪ ਲਗਾਏ ਜਾਣਗੇ, ਜਿਨ੍ਹਾਂ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਊਰਜਾ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਕਿਸਾਨਾਂ ਪਾਸੋਂ ਸੋਲਰ ਪੰਪ ਲਗਾਉਣ ਲਈ ਅਰਜੀਆਂ ਦੀ ਮੰਗ ਕੀਤੀ ਸੀ। ਹੁਣ ਸਰਕਾਰ ਵਲੋ਼ ਦੋ ਤਿੰਨ ਕੰਪਨੀਆਂ ਨੂੰ ਸੋਲਰ ਪੰਪ ਲਗਾਉਣ ਦਾ ਕੰਮ ਸੌਂਪ ਦਿੱਤਾ ਹੈ।
ਅਮਨ ਅਰੋੜਾ ਨੇ ਦੱਸਿਆ ਕਿ ਸੋਲਰ ਪੰਪ ਲੱਗਣ ਨਾਲ ਜਿੱਥੇ ਬਿਜਲੀ ਦੀ ਬੱਚਤ ਹੋ ਸਕੇਗੀ, ਉਥੇ ਕਿਸਾਨਾਂ ਦਿਨ ਵੇਲੇ ਹੀ ਸਿੰਚਾਈ ਕਰਨ ਦੀ ਸਹੂਲਤ ਮਿਲੇਗੀ। ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਲਈ ਰਾਤਾਂ ਜਾਗਣ ਦੀ ਲੋੜ ਨਹੀਂ ਰਹੇਗੀ। ਉਨ੍ਹਾਂ ਨੇ ਕਿਹਾ ਕਿ ਜਿਹੜੇ ਇਲਾਕਿਆਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਜਿਆਦਾ ਹੇਠਾਂ ਚਲਾ ਗਿਆ ਹੈ, ਉਨ੍ਹਾਂ ਇਲਾਕਿਆਂ ਵਿਚ ਇਹ ਸੋਲਰ ਪੰਪ ਉਨ੍ਹਾਂ ਕਿਸਾਨਾਂ ਨੂੰ ਹੀ ਦਿੱਤੇ ਜਾਣਗੇ, ਜੋ ਪਹਿਲਾਂ ਹੀ ਤੁਪਕਾ ਸਿੰਚਾਈ ਜਾਂ ਫੁਹਾਰਾ ਸਿੰਚਾਈ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੋਲਰ ਪੰਪ ਲਗਾਉਣ ਦਾ ਕੰਮ ਮੈਸਰਜ਼ ਪੀ ਵੀ ਪਾਵਰ ਟੈਕਨਾਲੋਜੀ ਪ੍ਰਾਈਵੇਟ ਲਿਮ., ਮੈਸਰਜ਼ ਏ ਵੀ ਆਈ ਐਂਪਲਾਇੰਸਜ਼ ਪ੍ਰਾਈ. ਲਿਮ. ਅਤੇ ਮੈਸ. ਹਿਮਾਲੀਅਨ ਸੋਲਰ ਪ੍ਰਾਈ. ਲਿਮ. ਨੂੰ ਸੌਂਪਿਆ ਗਿਆ ਹੈ। ਇਸ ਸਕੀਮ ਅਧੀਨ ਤਿੰਨ ਹਾਰਸ ਵਾਵਰ, ਪੰਜ, ਸਾਢੇ ਸੱਤ ਅਤੇ ਦਸ ਹਾਰਸ ਪਾਵਰ ਦੇ ਸੋਲਰ ਪੰਪ ਲਗਾਏ ਜਾਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਸੋਲਰ ਪੰਪ ਲਗਾਉਣ ਦੇ ਕੰਮ ਦੀ ਪੂਰੀ ਨਿਗਰਾਨੀ ਕੀਤੀ ਜਾਵੇ ਤਾਂ ਜੋ ਕੁਆਲਟੀ ਅਤੇ ਤਕਨੀਕ ਦਾ ਪਤਾ ਲੱਗ ਸਕੇ। ਸਰਕਾਰ ਵਲੋਂ ਮਿਆਰ ਅਤੇ ਸਮਾਂਹੱਦ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ।