ਚੰਡੀਗੜ੍ਹ, 16 ਦਸੰਬਰ : ਪੰਜਾਬ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਕੈਨੇਡਾ ਵਿਚ ਬੈਠ ਕੇ ਅਪਰਾਧਿਕ ਕਰਵਾਈਆਂ ਕਰਵਾਉਣ ਵਾਲੇ ਗੈਂਗਸਟਰ ਅਰਸ਼ ਡੱਲਾ ਅਤੇ ਇਕ ਹੋਰ ਵਿਦੇਸ਼ੀ ਗੈਂਗ ਦੇ ਚਾਰ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜੇ ਵਿਚੋਂ ਤਿੰਨ 32 ਬੋਰ ਦੇ ਪਿਸਤੌਲ ਅਤੇ 16 ਕਾਰਤੂਸ ਵੀ ਬਰਾਮਦ ਕੀਤੇ ਗਏ।
ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜ੍ਹੇ ਗਏ ਗੈਂਗਸਟਰਾਂ ਦੀ ਪਛਾਣ ਗਗਨਦੀਪ ਸਿੰਘ ਅਤੇ ਨਵਜੋਤ ਸਿੰਘ ਉਰਫ ਨੀਸ਼ੂ ਵਜੋਂ ਹੋਈ ਹੈ, ਜੋ ਅਮਲੋਹ ਦੇ ਵਾਸੀ ਹਨ। ਇਹ ਦੋਵੇਂ ਇਸ ਵੇਲੇ ਖਰੜ ਵਿਖੇ ਕਿਰਾਏ ‘ਤੇ ਰਹਿ ਰਹੇ ਸਨ। ਇਸੇ ਤਰਾਂ ਦੂਜੇ ਦੋ ਗੈਂਗਸਟਰਾਂ ਵਿਚੋਂ ਇਕ ਫਰੀਦਕੋਟ ਵਾਸੀ ਵਿਪਨਪ੍ਰੀਤ ਸਿੰਘ ਅਤੇ ਦੂਜਾ ਭਾਦਸੋਂ ਦਾ ਵਾਸੀ ਲਖਵਿੰਦਰ ਸਿੰਘ ਹੈ। ਇਨ੍ਹਾਂ ਚਾਰਾਂ ਨੂੰ ਇਕ ਸਵਿਫਟ ਕਾਰ ਵਿਚੋਂ ਕਾਬੂ ਕੀਤਾ।
ਪੁਲੀਸ ਮੁਤਾਬਿਕ ਇਹ ਕੈਨੇਡਾ ਵਿਚ ਬੈਠੇ ਅਰਸ਼ ਡੱਲਾ ਦੇ ਇਸ਼ਾਰੇ ‘ਤੇ ਵਾਰਦਾਤਾਂ ਕਰਦੇ ਸਨ। ਇਸੇ ਤਰਾਂ ਕੈਨੇਡਾ ਬੈਠੇ ਦਲਜੀਤ ਸਿੰਘ ਉਰਿਫ ਨਿੰਦਾ ਨਾਲ ਵੀ ਇਨ੍ਹਾਂ ਦੇ ਸਬੰਧ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਪੰਜਾਬ ਵਿਚ ਕਈ ਵਾਰਦਾਤਾਂ ਕਰ ਚੁੱਕੇ ਹਨ। ਪੁਲੀਸ ਵਲੋਂ ਇਨ੍ਹਾਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।