
ਚੰਡੀਗੜ੍ਹ, 19 ਸਤੰਬਰ : ਪੰਜਾਬ ਵਿੱਚ ਹਾਲ ਹੀ ‘ਚ ਆਈ ਹੜ੍ਹ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਸਿਹਤ ਸੁਰੱਖਿਆ ਦੀ ਵਿਸ਼ਾਲ ਯੋਜਨਾ ਬਣਾ ਕੇ ਮੈਡੀਕਲ ਕੈਂਪ ਸ਼ੁਰੂ ਕਰ ਦਿੱਤੇ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਫੈਲਣ ਤੋਂ ਪਹਿਲਾਂ ਹੀ ਉਸ ’ਤੇ ਕੰਟਰੋਲ ਪਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ “ਸਾਰਾ ਪੰਜਾਬ ਮੇਰਾ ਪਰਿਵਾਰ ਹੈ ਤੇ ਮੈਂ ਆਪਣੇ ਪਰਿਵਾਰ ਦੀ ਸਿਹਤ ਲਈ ਹਮੇਸ਼ਾ ਵਚਨਬੱਧ ਹਾਂ। ਇਹੀ ਕਾਰਨ ਹੈ ਕਿ ਸੂਬੇ ਵਿੱਚ ਹਰ ਪਿੰਡ ਤੇ ਸ਼ਹਿਰ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਡਿਊਟੀ ’ਤੇ ਤੈਨਾਤ ਹਨ।”
ਪਿਛਲੇ ਤਿੰਨ ਦਿਨਾਂ ਯਾਨੀ 14, 15 ਤੇ 16 ਸਤੰਬਰ ਦੇ ਦੌਰਾਨ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਸਭ ਤੋਂ ਜ਼ਿਆਦਾ ਕੇਸ ਬੁਖਾਰ ਤੇ ਚਮੜੀ ਦੀ ਬੀਮਾਰੀ ਦੇ ਸਾਹਮਣੇ ਆਏ ਹਨ। ਸਿਰਫ਼ ਇਨ੍ਹਾਂ ਤਿੰਨ ਦਿਨਾਂ ਵਿੱਚ ਲਗਾਏ ਗਏ ਕੈਂਪ ਵਿੱਚ 2100 ਪਿੰਡ ਕਵਰ ਕੀਤੇ ਗਏ, ਜਿਸ ਵਿੱਚ 1,42395 ਮਰੀਜ਼ਾਂ ਦੀ ਜਾਂਚ ਕੀਤੀ ਗਈ, ਤੇ ਬੁਖਾਰ ਦੇ 19187 ਮਰੀਜ਼ ਤੇ ਚਮੜੀ ਦੀ ਬੀਮਾਰੀ ਦੇ 22118 ਮਰੀਜ਼ ਮੈਡੀਕਲ ਕੈਂਪ ਵਿੱਚ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਦਸਤ, ਖੰਘ ਤੇ ਹੋਰ ਲਾਗ ਦੇ ਵੀ ਕੁੱਲ ਮਿਲਾ ਕੇ 14848 ਕੇਸ ਦਰਜ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਰੋਜ਼ਾਨਾ ਸ਼ਾਮ 6 ਵਜੇ ਲੋਕਾਂ ਨਾਲ ਇਹ ਅੰਕੜੇ ਸਾਂਝੇ ਕਰੇਗੀ ਤਾਂ ਜੋ ਲੋਕਾਂ ਨੂੰ ਸਹੀ ਤੇ ਭਰੋਸੇਮੰਦ ਜਾਣਕਾਰੀ ਸਮੇਂ ਸਿਰ ਮਿਲ ਸਕੇ। ਉਨ੍ਹਾਂ ਨੇ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਜੇ ਬੁਖਾਰ, ਚਮੜੀ ਦੀ ਬੀਮਾਰੀ ਜਾਂ ਹੋਰ ਬੀਮਾਰੀ ਦੇ ਲੱਛਣ ਮਹਿਸੂਸ ਕਰੇ ਤਾਂ ਤੁਰੰਤ ਸਰਕਾਰ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਵਿੱਚ ਜਾ ਕੇ ਜਾਂਚ ਕਰਵਾਏ। ਸਰਕਾਰ ਵੱਲੋਂ ਹੁਣ ਤੱਕ 1,250 ਤੋਂ ਜ਼ਿਆਦਾ ਰਾਹਤ ਤੇ ਸਿਹਤ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਦਾ ਫਾਇਦਾ ਕਰੀਬ 1.8 ਲੱਖ ਤੋਂ ਜ਼ਿਆਦਾ ਲੋਕਾਂ ਨੇ ਉਠਾਇਆ ਹੈ। ਨਾਲ ਹੀ ਕਈ ਆਂਗਣਵਾੜੀ ਤੇ ਆਸ਼ੀਰਵਾਦ ਸੈਂਟਰਾਂ ਵਿੱਚ ਵੀ ਮੈਡਿਕਲ ਟੀਮਾਂ ਦੀ ਤੈਨਾਤੀ ਕੀਤੀ ਗਈ ਹੈ।
ਖਾਸ ਸਿਹਤ ਸੁਰੱਖਿਆ ਮੁਹਿੰਮ ਦੇ ਤਹਿਤ ਆਸ਼ਾ ਵਰਕਰ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ ਤੇ ਲੋਕਾਂ ਨੂੰ ਬੀਮਾਰੀਆਂ ਦੀ ਰੋਕਥਾਮ ਦੇ ਉਪਾਵਾਂ ਬਾਰੇ ਦੱਸ ਰਹੀਆਂ ਹਨ। ਵਿਭਾਗੀ ਅਧਿਕਾਰੀਆਂ ਦੇ ਅਨੁਸਾਰ, ਹੁਣ ਤੱਕ ਕਈ ਲੱਖ ਲੋਕਾਂ ਦਾ ਚੈਕਅੱਪ ਪੂਰਾ ਹੋ ਚੁੱਕਾ ਹੈ, ਤੇ ਹਰ ਪਰਿਵਾਰ ਨੂੰ ਸਫਾਈ, ਪੀਣ ਦੇ ਪਾਣੀ ਨੂੰ ਉਬਾਲ ਕੇ ਪੀਣ ਤੇ ਮੱਛਰਾਂ ਤੋਂ ਬਚਾਅ ਕਰਨ ਵਰਗੀਆਂ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਹਨ।
ਆਮ ਆਦਮੀ ਪਾਰਟੀ ਨਾਲ ਜੁੜੇ ਹਰ ਵਲੰਟੀਅਰ ਤੇ ਅਹੁਦੇਦਾਰ ਵੀ ਸਰਕਾਰ ਨਾਲ ਰਾਹਤ ਤੇ ਸਫਾਈ ਮੁਹਿੰਮ ਵਿੱਚ ਜੁੱਟੇ ਹੋਏ ਹਨ। ਮੰਤਰੀ ਤੇ ਵਿਧਾਇਕ ਖੁਦ ਜ਼ਮੀਨੀ ਪੱਧਰ ’ਤੇ ਜਾ ਕੇ ਸੇਵਾ ਕੰਮਾਂ ਵਿੱਚ ਹਿੱਸਾ ਲੈ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ “ਇਹ ਸਿਰਫ਼ ਸਰਕਾਰ ਦਾ ਕੰਮ ਨਹੀਂ, ਬਲਕਿ ਹਰ ਪੰਜਾਬੀ ਦਾ ਸਾਂਝਾ ਫ਼ਰਜ਼ ਹੈ ਕਿ ਅਸੀਂ ਸਭ ਮਿਲ ਕੇ ਆਪਣੇ ਪਿੰਡ, ਆਪਣੇ ਸ਼ਹਿਰ ਤੇ ਆਪਣੇ ਮੁਹੱਲੇ ਨੂੰ ਬੀਮਾਰੀ ਮੁਕਤ ਬਣਾਈਏ।”
ਸਿਹਤ ਵਿਭਾਗ ਦੇ ਮੁਤਾਬਕ ਹੜ੍ਹ ਦਾ ਪਾਣੀ ਉਤਰਨ ਦੇ ਬਾਅਦ ਲਾਗ ਤੇ ਮੌਸਮੀ ਬੀਮਾਰੀਆਂ ਦੇ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਇਸੇ ਗੱਲ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਖ਼ਤ ਨਿਗਰਾਨੀ ਸ਼ੁਰੂ ਕਰ ਦਿੱਤੀ ਸੀ। ਸਾਰੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਖਾਸ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਤੇ ਡਾਕਟਰਾਂ ਦੀ ਡਿਊਟੀ 24 ਘੰਟੇ ਲਗਾਈ ਗਈ ਹੈ।
ਮੁੱਖ ਮੰਤਰੀ ਨੇ ਭਰੋਸਾ ਦਿਲਾਇਆ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਮੁਸ਼ਕਿਲ ਨਹੀਂ ਆਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਨਾਗਰਿਕ ਤੱਕ ਸਿਹਤ ਸੁਵਿਧਾਵਾਂ ਪਹੁੰਚਾ ਰਹੀ ਹੈ ਤੇ ਜੇ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਤੁਰੰਤ ਨੇੜਲੀ ਮੈਡੀਕਲ ਟੀਮ ਜਾਂ ਕੈਂਪ ਨਾਲ ਜਲਦ ਤੋਂ ਜਲਦ ਸੰਪਰਕ ਕਰਨਾ ਚਾਹੀਦਾ ਹੈ।