
ਚੰਡੀਗੜ੍ਹ, 8 ਫਰਵਰੀ : ਪੰਜਾਬ ਵਿਧਾਨ ਸਭਾ ਸਕੱਤਰੇਤ ਵਿਚ ਰਾਸ਼ਟਰੀ ਈ ਵਿਧਾਨ ਐਪਲੀਕੇਸ਼ਨ (ਨੇਵਾ) ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਵਿਧਾਨ ਸਭਾ ਦਾ ਸਾਰਾ ਕੰਮਕਾਜ ਕਾਗਜ ਰਹਿਤ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਰਕਾਰ ਵਲੋਂ ਸਾਰੇ ਵਿਭਾਗਾਂ ਦੇ ਕੰਮ ਨੂੰ ਡਿਜੀਟਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਨੂੰ ਸਾਫ ਸੁਥਰੀਆਂ ਅਤੇ ਪਾਰਦਰਸ਼ੀ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ। ਇਸੇ ਲੜੀ ਤਹਿਤ ਹੀ ਵਿਧਾਨ ਸਭਾ ਨੂੰ ਡਿਜੀਟਲ ਕੀਤਾ ਗਿਆ ਹੈ। ਇਸ ਨਾਲ ਹੁਣ ਸਾਰੇ ਹੀ ਵਿਧਾਇਕਾਂ ਲਈ ਆਮ ਜਨਤਾ ਦੇ ਮੁੱਦਿਆਂ ਨੂੰ ਵਿਧਾਨ ਸਭਾ ਵਿਚ ਉਠਾਉਣਾ ਆਸ ਹੋ ਜਾਵੇਗਾ ਅਤੇ ਉਹ ਲੋਕਾਂ ਦੀ ਆਵਾਜ ਨੂੰ ਹੋਰ ਵਧੀਆ ਢੰਗ ਨਾਲ ਉਠਾ ਸਕਣਗੇ। ਉਨ੍ਹਾਂ ਨੇਦੱਸਿਆ ਕਿ ਸਾਲ 2022 ਤੋਂ ਹੀ ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਵਿਧਾਨ ਸਭਾ ਦੀ ਸਾਰੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਸਰਕਾਰ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਆਮ ਲੋਕਾਂ ਨੂੰ ਪਲ ਪਲ ਦੀ ਜਾਣਕਾਰੀ ਮਿਲਣ ਲੱਗੀ ਹੈ। ਹੁਣ ਵਿਧਾਨ ਸਭਾ ਦਾ ਸਾਰਾ ਕੰਮ ਡਿਜੀਟਲ ਹੋਣ ਨਾਲ ਵਿਧਾਭ ਸਭਾ ਦੀ ਕਾਰਵਾਈ ਹੋਰ ਕੁਸ਼ਲ ਅਤੇ ਪਾਰਦਰਸ਼ੀ ਹੋ ਜਾਵੇਗੀ।