Thursday, November 6Malwa News
Shadow

ਪੀਡੀਏ ਵਲੋਂ ਕਰਹੇੜੀ, ਰਾਮਨਗਰ ਅਤੇ ਬਲਬੇੜ੍ਹਾ ਵਿਖੇ ਨਾਜਾਇਜ਼ ਕਲੋਨੀਆਂ ਵਿਰੁੱਧ ਸਖ਼ਤ ਕਾਰਵਾਈ 

ਪਟਿਆਲਾ, 30 ਜੁਲਾਈ: ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ.ਡੀ.ਏ.), ਪਟਿਆਲਾ ਨੇ ਪਿੰਡ ਕਰਹੇੜੀ, ਰਾਮਨਗਰ ਅਤੇ ਬਲਬੇੜ੍ਹਾ ਵਿਖੇ ਬਿਨ੍ਹਾਂ ਮਨਜੂਰੀ ਵਿਕਸਤ ਕੀਤੀਆਂ ਅਣ ਅਧਿਕਾਰਤ ਕਲੋਨੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਢਾਹ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਪੀ.ਡੀ.ਏ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਪਿੰਡ ਕਰਹੇੜੀ, ਰਾਮਨਗਰ ਅਤੇ ਬਲਬੇੜ੍ਹਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਵਿਖੇ ਅਣ ਅਧਿਕਾਰਤ ਕਲੋਨੀਆਂ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ, 1995 ਦੀ ਉਲੰਘਣਾ ਕਰਕੇ ਬਿਨਾ ਮਨਜੂਰੀ ਤੋਂ ਡਿਵੈਲਪ ਹੋਈਆਂ ਅਣ ਅਧਿਕਾਰਤ ਕਲੋਨੀਆਂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਢਾਹ ਦਿੱਤਾ ਗਿਆ ਹੈ। 

ਮਨੀਸ਼ਾ ਰਾਣਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪੀ.ਡੀ.ਏ. ਨੇ ਸਪੱਸ਼ਟ ਸੰਦੇਸ਼ ਦਿੱਤਾ ਗਿਆ ਕਿ ਪੀ.ਡੀ.ਏ., ਪਟਿਆਲਾ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਣ-ਅਧਿਕਾਰਤ ਕਲੋਨੀ ਦੀ ਉਸਾਰੀ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਇਹਨਾਂ ਵਿਕਸਤ ਹੋਈਆਂ ਕਲੋਨੀਆਂ ਵਿੱਚ ਆਪਣੀ ਅਹਿਮ ਪੂੰਜੀ ਨੂੰ ਨਿਵੇਸ਼ ਕਰਨ ਤੋਂ ਬਚਾਇਆ ਜਾ ਸਕੇ ਅਤੇ ਪਟਿਆਲਾ ਜਿਲ੍ਹੇ ਵਿੱਚ ਹੋ ਰਹੇ ਗੈਰ-ਯੋਜਨਾਬੱਧ ਵਿਕਾਸ ਨੂੰ ਰੋਕਿਆ ਜਾ ਸਕੇ। 

ਉਨ੍ਹਾਂ ਦੱਸਿਆ ਕਿ ਇਹਨਾਂ ਕਲੋਨੀਆਂ ਤੋਂ ਇਲਾਵਾ ਕੁੱਝ ਹੋਰ ਅਣ-ਅਧਿਕਾਰਤ ਕਲੋਨਾਈਜ਼ਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜੇਕਰ ਇਸ ਸਬੰਧੀ ਕੋਈ ਪੁਖਤਾ ਜਵਾਬ ਜਾਂ ਦਸਤਾਵੇਜ ਨੋਟਿਸ ਵਿੱਚ ਦਿੱਤੇ ਸਮੇਂ ਦੌਰਾਨ ਪ੍ਰਾਪਤ ਨਹੀ ਹੁੰਦੇ ਹਨ ਤਾਂ ਉਹਨਾਂ ਵਿਰੁੱਧ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਾਪਰਾ ਐਕਟ 1995 ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਵੀ ਦਰਜ ਕਰਵਾਈ ਜਾਵੇਗੀ। 

ਇਸ ਦੌਰਾਨ ਪੀ.ਡੀ.ਏ. ਦੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਪੀਡੀਏ ਨੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਆਮ ਜਨਤਾ ਵੱਲੋਂ ਕਿਸੇ ਵੀ ਅਣਅਧਿਕਾਰਤ ਕਲੋਨੀ ਵਿੱਚ ਬਿਲਡਿੰਗ/ਪਲਾਟ ਖਰੀਦ ਕੇ ਆਪਣੀ ਜਮਾਂ ਪੂੰਜੀ ਕਿਸੇ ਅਣ ਅਧਿਕਾਰਤ ਕਲੋਨੀ ਵਿੱਚ ਨਿਵੇਸ ਨਾ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 

ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਇਹ ਜਰੂਰੀ ਹੈ ਕਿ ਕੋਈ ਵੀ ਬਿਲਡਿੰਗ /ਪਲਾਟ ਖਰੀਦਣ ਜਾਂ ਲੀਜ ‘ਤੇ ਲੈਣ ਤੋਂ ਪਹਿਲਾਂ ਉਸਦੀ ਪ੍ਰਵਾਨਗੀ ਸਬੰਧੀ ਪੀਡੀਏ ਦਫਤਰ ਪਾਸੋਂ  ਪ੍ਰਾਪਤ ਕਰ ਲਈ ਜਾਵੇ। 

ਪੀਡੀਏ ਦੀ ਇਸ ਕਾਰਵਾਈ ਦੌਰਾਨ ਜ਼ਿਲ੍ਹਾ ਨਗਰ ਯੋਜਨਾਕਾਰ ਸ਼ੀਮਾ ਕੌਸ਼ਲ, ਸਹਾਇਕ ਨਗਰ ਯੋਜਨਾਕਾਰ ਗੁਰਿੰਦਰ ਸਿੰਘ, ਉਪ-ਮੰਡਲ ਇੰਜੀਨੀਅਰ ਰਾਜੀਵ ਕੁਮਾਰ, ਜੂਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ ਅਤੇ ਅਮਨਦੀਪ ਸਿੰਘ ਹਾਜ਼ਰ ਸਨ।