Saturday, March 22Malwa News
Shadow

ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਰੰਗੇ ਹੱਥੀਂ ਕਾਬੂ

ਲੁਧਿਆਣਾ, 5 ਮਾਰਚ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਅੱਜ ਬਲਾਕ ਕੁਰੜਾ, ਐਸ.ਏ.ਐਸ. ਨਗਰ ਵਿਖੇ ਤਾਇਨਾਤ ਪੰਚਾਇਤ ਸਕੱਤਰ ਅਵਨੀਤ ਸਿੰਘ ਬਾਜਵਾ ਨੂੰ 20,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਰਿਸ਼ਵਤਖੋਰੀ ਕੇਸ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀ.ਡੀ.ਪੀ.ਓ.) ਐਸ.ਏ.ਐਸ. ਨਗਰ ਧਨਵੰਤ ਸਿੰਘ ‘ਤੇ ਵੀ ਸਹਿ-ਦੋਸ਼ੀ ਵਜੋਂ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਦੋਵਾਂ ਮੁਲਾਜ਼ਮਾਂ ਨੂੰ ਇੱਕ ਸਰਪੰਚ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਬੀ.ਡੀ.ਪੀ.ਓ. ਅਤੇ ਪੰਚਾਇਤ ਸਕੱਤਰ ਨੇ ਸਾਲ 2018-2023 ਤੱਕ ਗ੍ਰਾਮ ਪੰਚਾਇਤ ਵੱਲੋਂ ਕੀਤੇ ਵਿਕਾਸ ਕਾਰਜਾਂ ਲਈ ਵਰਤੀਆਂ ਗਈਆਂ ਗ੍ਰਾਂਟਾਂ ਸਬੰਧੀ ਵਰਤੋਂ ਸਰਟੀਫਿਕੇਟ (ਯੂ.ਸੀ.) ਜਾਰੀ ਕਰਨ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਉਕਤ ਦੋਵਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ, ਫਲਾਇੰਗ ਸਕੁਐਡ-1, ਐਸ.ਏ.ਐਸ. ਨਗਰ ਪੰਜਾਬ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਬੀ.ਐਨ.ਐਸ. ਦੀ ਧਾਰਾ 61(2) ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।

Basmati Rice Advertisment