Friday, November 7Malwa News
Shadow

ਪੰਜਾਬ ਵਿਚ ਪੰਚਾਇਤ ਚੋਣਾ ਦੀਆਂ ਤਰੀਕਾਂ ਦਾ ਐਲਾਨ

ਚੰਡੀਗੜ੍ਹ, 15 ਮਈ : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਆਪਣੇ 14.5.2025 ਦੇ ਪੱਤਰ ਰਾਹੀਂ ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਦੀਆਂ ਚੋਣਾਂ ਜਾਂ ਉਪ-ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਸਮੇਤ ਤਾਜ਼ਾ ਜਾਣਕਾਰੀ ਜਾਰੀ ਕੀਤੀ ਹੈ। ਇਸ ਵੇਲੇ ਸਰਪੰਚਾਂ ਦੀਆਂ ਲਗਭਗ 60 ਅਤੇ ਪੰਚਾਂ ਦੀਆਂ 1600 ਅਸਾਮੀਆਂ ਖਾਲੀ ਹਨ। ਰਾਜ ਚੋਣ ਕਮਿਸ਼ਨ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ 15.10.2024 ਨੂੰ ਹੋਈਆਂ ਪਿਛਲੀਆਂ ਆਮ ਚੋਣਾਂ ਦੌਰਾਨ ਵਰਤੀਆਂ ਗਈਆਂ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਵੇਂ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਯੋਗਤਾ ਮਿਤੀ 31.5.2025 ਨਿਰਧਾਰਤ ਕੀਤੀ ਗਈ ਹੈ। ਵੋਟਰ ਸੂਚੀਆਂ ਦੀ ਸੋਧ ਉਨ੍ਹਾਂ ਵਾਰਡਾਂ ਜਾਂ ਗ੍ਰਾਮ ਪੰਚਾਇਤਾਂ ਵਿੱਚ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜਿੱਥੇ ਖਾਲੀ ਅਸਾਮੀ ਦੇ ਚਲਦਿਆਂ ਅਜੇ ਚੋਣਾਂ ਹੋਣੀਆਂ ਹਨ।
ਇਸ ਮੰਤਵ ਲਈ ਵੋਟਾਂ ਨੂੰ ਸ਼ਾਮਲ ਕਰਨ/ਹਟਾਉਣ, ਜਾਂ ਸੋਧ ਲਈ ਇੱਕ ਵਿਸ਼ੇਸ਼ ਮੁਹਿੰਮ ਹੇਠ ਲਿਖੇ ਅਨੁਸਾਰ ਉਲੀਕੀ ਗਈ ਹੈ:
i. 19.5.2025 (ਸੋਮਵਾਰ);
ii. 20.5.2025 (ਮੰਗਲਵਾਰ);
iii. 21.5.2025 (ਬੁੱਧਵਾਰ)।
ਇਸ ਮੰਤਵ ਲਈ ਹੇਠ ਲਿਖੇ ਫਾਰਮ ਵਰਤੇ ਜਾ ਸਕਦੇ ਹਨ:
i. ਫਾਰਮ I (ਨਾਮ ਸ਼ਾਮਲ ਕਰਨ ਲਈ ਦਾਅਵਾ ਅਰਜ਼ੀ)
ii. ਫਾਰਮ II (ਨਾਮ ਸ਼ਾਮਲ ਕਰਨ ‘ਤੇ ਇਤਰਾਜ਼)
iii. ਫਾਰਮ III (ਕੀਤੀ ਗਈ ਐਂਟਰੀ ਦੇ ਵੇਰਵਿਆਂ ‘ਤੇ ਇਤਰਾਜ਼)।
ਇਹ ਫਾਰਮ ਸਬੰਧਤ ਐਸ.ਡੀ.ਐਮ. ਕੋਲ ਉਪਲਬਧ ਹਨ ਅਤੇ ਇਸਦੀ ਕਾਪੀ ਕਮਿਸ਼ਨ ਦੀ ਵੈੱਬਸਾਈਟ (sec.punjab.gov.in) ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ।
ਰਾਜ ਚੋਣ ਕਮਿਸ਼ਨ ਨੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੋਚਪ ਆਪਣਾ ਨਾਮ ਇਨ੍ਹਾਂ ਵਾਰਡਾਂ/ਗ੍ਰਾਮ ਪੰਚਾਇਤਾਂ, ਜਿੱਥੇ ਚੋਣਾਂ ਹੋਣੀਆਂ ਹਨ, ਦੀ ਵੋਟਰ ਸੂਚੀ ਵਿੱਚ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਇਸ ਮੌਕੇ ਅਜਿਹਾ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਇਤਰਾਜ਼ ਜਮ੍ਹਾਂ ਕਰਵਾਉਣ ਜਾਂ ਸੋਧ ਕਰਵਾਉਣ ਦੇ ਮਾਮਲੇ ਵਿੱਚ ਸਬੰਧਤ ਵਿਅਕਤੀ ਇਸ 3 ਦਿਨਾ ਵਿਸ਼ੇਸ਼ ਮੁਹਿੰਮ ਦੌਰਾਨ ਲੋੜੀਂਦੀ ਕਾਰਵਾਈ ਲਈ ਸਬੰਧਤ ਚੋਣ ਰਜਿਸਟ੍ਰੇਸ਼ਨ ਅਧਿਕਾਰੀ, ਭਾਵ ਐਸ.ਡੀ.ਐਮ. ਕੋਲ ਫਾਰਮ ਜਮ੍ਹਾਂ ਕਰਵਾ ਸਕਦੇ ਹਨ।