Saturday, September 20Malwa News
Shadow

ਫਾਜ਼ਿਲਕਾ ਤੋਂ ਪਾਕਿਸਤਾਨ ਤੋਂ ਪ੍ਰਾਪਤ 27 ਹਥਿਆਰ ਬਰਾਮਦ; ਦੋ ਗ੍ਰਿਫ਼ਤਾਰ

ਚੰਡੀਗੜ੍ਹ/ਫਿਰੋਜ਼ਪੁਰ, 11 ਸਤੰਬਰ:– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਮੁਹਿੰਮ ਦੌਰਾਨ ਇੱਕ ਹੋਰ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਫਿਰੋਜ਼ਪੁਰ ਨੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਫਾਜ਼ਿਲਕਾ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਰਹੱਦ ਪਾਰੋਂ ਚੱਲ ਰਹੇ ਸੰਗਠਿਤ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ 27 ਆਧੁਨਿਕ .30 ਬੋਰ ਪਿਸਤੌਲਾਂ ਅਤੇ 470 ਜ਼ਿੰਦਾ ਕਾਰਤੂਸਾਂ ਨਾਲ ਦੋ ਹਥਿਆਰ ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਦੱਸਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੰਗਲ ਸਿੰਘ ਉਰਫ਼ ਮੰਗਲੀ, ਵਾਸੀ ਤੇਜਾ ਰਹੇਲਾ, ਫਾਜ਼ਿਲਕਾ, ਅਤੇ ਗੁਰਮੀਤ ਸਿੰਘ, ਵਾਸੀ ਪਿੰਡ ਮੁਹਾਰ ਜਮਸ਼ੇਰ, ਫਾਜ਼ਿਲਕਾ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ ਦੀ ਇਹ ਵੱਡੀ ਖੇਪ ਪਾਕਿਸਤਾਨ ਤੋਂ ਇੱਕ ਵਿਦੇਸ਼ੀ ਸੰਸਥਾ ਰਾਹੀਂ ਪ੍ਰਾਪਤ ਕੀਤੀ ਗਈ ਸੀ ਅਤੇ ਰਾਜ ਵਿੱਚ ਅਪਰਾਧਿਕ ਗਿਰੋਹਾਂ ਦੁਆਰਾ ਵਰਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਦੋਸ਼ੀ ਇਨ੍ਹਾਂ ਹਥਿਆਰਾਂ ਨੂੰ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਅਪਰਾਧਿਕ ਸਮੂਹਾਂ ਦੇ ਸੰਚਾਲਕਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਡੀਜੀਪੀ ਨੇ ਦੱਸਿਆ ਕਿ ਇਸ ਮਾਡਿਊਲ ਵਿੱਚ ਸ਼ਾਮਲ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਤਸਕਰੀ ਕੀਤੇ ਗਏ ਹਥਿਆਰਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀਆਈ ਫਿਰੋਜ਼ਪੁਰ ਗੁਰਸੇਵਕ ਸਿੰਘ ਬਰਾੜ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਸੀਆਈ ਫਿਰੋਜ਼ਪੁਰ ਅਤੇ ਐਸਐਸਓਸੀ ਫਾਜ਼ਿਲਕਾ ਦੀਆਂ ਪੁਲਿਸ ਟੀਮਾਂ ਨੇ ਸਾਂਝੇ ਤੌਰ ‘ਤੇ ਫਾਜ਼ਿਲਕਾ ਖੇਤਰ ਵਿੱਚ ਇੱਕ ਗੁਪਤ ਆਪ੍ਰੇਸ਼ਨ ਚਲਾਇਆ। ਆਪ੍ਰੇਸ਼ਨ ਦੌਰਾਨ ਫਾਜ਼ਿਲਕਾ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਵਾੜ ਦੇ ਨੇੜੇ ਪਿੰਡ ਮੁਹਾਰ ਜਮਸ਼ੇਰ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ .30 ਬੋਰ ਦੇ 27 ਗੈਰ-ਕਾਨੂੰਨੀ ਹਥਿਆਰਾਂ ਦੇ ਇੱਕ ਵੱਡੇ ਜ਼ਖੀਰੇ ਅਤੇ 470 ਜ਼ਿੰਦਾ ਕਾਰਤੂਸਾਂ ਨਾਲ ਕਾਬੂ ਕੀਤਾ ਗਿਆ।

ਏਆਈਜੀ ਨੇ ਅੱਗੇ ਦੱਸਿਆ ਕਿ ਵਿਦੇਸ਼ੀ ਸੰਸਥਾ ਦੀ ਪਛਾਣ, ਭੂਮਿਕਾ ਅਤੇ ਇਸਦੇ ਵਿਆਪਕ ਨੈੱਟਵਰਕ ਬਾਰੇ ਪਤਾ ਲਗਾਉਣਾ ਜਾਂਚ ਅਧੀਨ ਹੈ।

ਇਸ ਸਬੰਧੀ ਕੇਸ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 16 ਮਿਤੀ 11-09-2025 ਨੂੰ ਦਰਜ ਕੀਤਾ ਗਿਆ ਹੈ।