
ਮਾਲੇਰਕੋਟਲਾ, 13 ਮਾਰਚ – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ਵਿੱਚ ਛੋਟੀਆਂ ਬੱਚਿਆਂ ਵਿੱਚ ਮੁੱਢਲੀ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ।
ਮੁੱਢਲੀ ਸਿੱਖਿਆ ਅਤੇ ਦੇਖਭਾਲ ਦਿਵਸ ਮੌਕੇ 3 ਤੋਂ 6 ਸਾਲ ਦੇ ਬੱਚਿਆਂ ਦੇ ਸਮੂਹਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ਿਲੇ ਦੇ ਸਮੂਹ 545 ਆਂਗਣਵਾੜੀ ਸੈਂਟਰਾਂ ਵਿੱਚ “ਖੇਡੋ–ਸਿੱਖੋ–ਅੱਗੇ ਵਧੋ (Play-Learn-Grow)” ਥੀਮ ਹੇਠ “ਆਂਗਣਵਾੜੀ ਓਲੰਪਿਕ ਖੇਡਾਂ–2026” ਮਨਾਇਆ ਗਿਆ।
ਇਸ ਮੌਕੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਲਈ ਵੱਖ-ਵੱਖ ਮਨੋਰੰਜਕ ਅਤੇ ਸਿਖਲਾਈ ਭਰੀਆਂ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਦੌੜ ਮੁਕਾਬਲੇ, ਨਿੰਬੂ-ਚਮਚਾ ਦੌੜ, ਬੋਰੀ ਦੌੜ, ਗੇਂਦ ਨਾਲ ਖੇਡਾਂ, ਰੁਕਾਵਟ ਦੌੜ, ਛੱਡਣ ਅਤੇ ਸੰਤੁਲਨ ਬਣਾਉਣ ਵਾਲੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਗਤੀਵਿਧੀਆਂ ਬੱਚਿਆਂ ਨੂੰ ਖੇਡ-ਖੇਡ ਵਿੱਚ ਸਿੱਖਣ ਦਾ ਮੌਕਾ ਦਿੰਦੀਆਂ ਹਨ ਅਤੇ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਮੋਟਰ ਸਕਿਲਜ਼ ਨੂੰ ਮਜ਼ਬੂਤ ਕਰਨਾ, ਉਨ੍ਹਾਂ ਵਿੱਚ ਆਤਮਵਿਸ਼ਵਾਸ ਪੈਦਾ ਕਰਨਾ ਹੈ। ਇਸ ਦੇ ਨਾਲ-ਨਾਲ ਬੱਚਿਆਂ ਵਿੱਚ ਟੀਮ ਵਰਕ, ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਵੀ ਵਿਕਸਿਤ ਹੁੰਦੀ ਹੈ।
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਮਾਪਿਆਂ ਨੂੰ ਵੀ ਇਸ ਪ੍ਰੋਗਰਾਮ ਨਾਲ ਜੋੜਿਆ ਗਿਆ ਤਾਂ ਜੋ ਬੱਚਿਆਂ ਦੇ ਵਿਕਾਸ ਵਿੱਚ ਘਰ ਅਤੇ ਆਂਗਣਵਾੜੀ ਸੈਂਟਰ ਦੋਹਾਂ ਦਾ ਸਾਂਝਾ ਯੋਗਦਾਨ ਬਣ ਸਕੇ। “ਆਂਗਣਵਾੜੀ ਓਲੰਪਿਕ ਖੇਡਾਂ–2026” ਦੇ ਆਯੋਜਨ ਨਾਲ ਬੱਚਿਆਂ ਨੂੰ ਖੁਸ਼ਗਵਾਰ ਅਤੇ ਸਿੱਖਣ ਭਰਪੂਰ ਵਾਤਾਵਰਣ ਪ੍ਰਦਾਨ ਕੀਤਾ ਗਿਆ।
ਇਸ ਮੌਕੇ ਆਂਗਣਵਾੜੀ ਵਰਕਰ ਪਰਮਜੀਤ ਕੌਰ, ਸਰਬਜੀਤ ਕੌਰ, ਰਿਸ਼ੂ ਚੋਪੜਾ, ਕੁਲਵਿੰਦਰ ਕੌਰ, ਜਸਵੀਰ ਕੌਰ, ਹਰਪ੍ਰੀਤ ਕੌਰ, ਨੀਸ਼ਾ ਗੁਪਤਾ, ਜਸਪ੍ਰੀਤ ਕੌਰ, ਗੁਰਜੀਤ ਕੌਰ, ਸੁਖਪਾਲ ਕੌਰ ਅਤੇ ਕਮਲਜੀਤ ਕੌਰ ਹਾਜ਼ਰ ਸਨ।