
ਫਰੀਦਕੋਟ : ਭਾਰਤ ਵਲੋਂ ਪਾਕਿਸਤਾਨ ਖਿਲਾਫ ਚਲਾਏ ਗਏ ਅਪ੍ਰੇਸ਼ਨ ਸਿੰਧੂਰ ਦੌਰਾਨ ਜਿਥੇ ਪੰਜਾਬ ਦੇ ਸਾਰੇ ਇਲਾਕਿਆਂ ਦੇ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਵਿਚ ਸਹਿਮ ਦਾ ਮਹੌਲ ਬਣਿਆ ਰਿਹਾ, ਉਥੇ ਫਰੀਦਕੋਟ ਇਲਾਕੇ ਦੇ ਲੋਕਾਂ ਨੂੰ ਇੰਨੀ ਸਮੱਸਿਆ ਨਹੀਂ ਆਈ। ਫਰੀਦਕੋਟ ਦੇ ਜਿਲਾ ਤੇ ਪੁਲੀਸ ਪ੍ਰਸਾਸ਼ਨ ਤੋਂ ਇਲਾਵਾ ਫਰੀਦਕੋਟ ਦੇ ਫੌਜੀ ਅਧਿਕਾਰੀਆਂ ਨੇ ਵੀ ਲੋਕਾਂ ਦੀ ਰੱਖਿਆ ਲਈ ਪੂਰੀ ਜੁੰਮੇਵਾਰੀ ਨਿਭਾਈ ਨਾਲ ਜਿਸ ਨਾਲ ਇਸ ਇਲਾਕੇ ਦੇ ਲੋਕ ਚੈਨ ਦੀ ਨੀਂਦ ਸੌਂਦੇ ਰਹੇ। ਇਸ ਲਈ ਇਸ ਇਲਾਕੇ ਦੇ ਲੋਕਾਂ ਨੇ ਵੀ ਪ੍ਰਸਾਸ਼ਨ, ਪੁਲੀਸ ਅਤੇ ਫੌਜੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਔਖੀ ਘੜੀ ਵਿਚ ਫੌਜ ਦੇ ਨਾਲ ਹਨ।
ਇਸ ਜਿਲੇ ਦੇ ਪਿੰਡ ਮਚਾਕੀ ਕਲਾਂ ਦੇ ਸਮਾਜ ਸੇਵੀ ਮਹਿਕਦੀਪ ਸਿੰਘ ਨੇ ਦੱਸਿਆ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਲਖੀ ਵਾਲਾ ਮਹੌਲ ਸੀ ਤਾਂ ਸਾਡੀ ਫੌਜ ਪੂਰੀ ਤਰਾਂ ਸਰਗਰਮ ਸੀ। ਉਨ੍ਹਾਂ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਲੋਕ ਵੀ ਫੌਜ ਦਾ ਪੂਰਾ ਸਾਥ ਦੇ ਰਹੇ ਸਨ। ਪਿੰਡ ਦੇ ਕੁੱਝ ਅਗਾਂਹਵਧੂ ਨੌਜਵਾਨਾਂ ਵਲੋਂ ਰਾਤ ਵੇਲੇ ਠੀਕਰੀ ਪਹਿਰਾ ਵੀ ਲਾਇਆ ਜਾਂਦਾ ਸੀ, ਤਾਂ ਜੋ ਆਮ ਲੋਕ ਸੁੱਖ ਦੀ ਨੀਂਦ ਸੌਂ ਸਕਣ ਅਤੇ ਕਿਸੇ ਵੀ ਸ਼ੱਕੀ ਘਟਨਾਂ ਬਾਰੇ ਫੌਜ ਜਾਂ ਪੁਲੀਸ ਨੂੰ ਸੂਚਿਤ ਕੀਤਾ ਜਾ ਸਕੇ। ਇਸ ਦੌਰਾਨ ਪੁਲੀਸ ਦੀਆਂ ਟੀਮਾਂ ਵਲੋਂ ਵੀ ਲੋਕਾਂ ਨਾਲ ਰਾਬਤਾ ਰੱਖਿਆ ਜਾ ਰਿਹਾ ਸੀ ਅਤੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਜਾ ਰਿਹਾ ਸੀ।
ਇਸੇ ਤਰਾਂ ਪਿੰਡ ਕੰਮੇਆਣਾ ਨੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਫਰੀਦਕੋਟ ਦੀ ਛਾਉਣੀ ਦੇ ਬਿੱਲਕੁੱਲ ਨਾਲ ਪੈਂਦਾ ਹੈ। ਇਸ ਲਈ ਪੁਲੀਸ ਵਲੋਂ ਲਗਾਤਾਰ ਪਿੰਡਾਂ ਵਿਚ ਆ ਕੇ ਲੋਕਾਂ ਨੂੰ ਸਰਕਾਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਸੀ ਅਤੇ ਸੁਰੱਖਿਆ ਦੀ ਪੂਰੀ ਗਰੰਟੀ ਦਿੱਤੀ ਜਾ ਰਹੀ ਸੀ। ਪੁਲੀਸ ਦੀ ਸੂਚਨਾ ਅਨੁਸਾਰ ਫੌਜੀ ਅਧਿਕਾਰੀਆਂ ਵਲੋਂ ਦੁਸ਼ਮਣ ਫੌਜਾਂ ਦੀਆਂ ਹਰਕਤਾਂ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ। ਆਸ ਪਾਸ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਫੌਜ ‘ਤੇ ਪੂਰਾ ਭਰੋਸਾ ਸੀ ਅਤੇ ਪਿੰਡਾਂ ਦੇ ਨੌਜਵਾਨ ਵੀ ਫੌਜ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਸਨ। ਉਨ੍ਹਾਂ ਨੇ ਫੌਜ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਪੰਜਾਬ ਦੇ ਲੋਕ ਹਮੇਸ਼ਾਂ ਸਾਡੇ ਫੌਜੀ ਵੀਰਾਂ ਦੀ ਪਿੱਠ ‘ਤੇ ਖੜ੍ਹੇ ਹਨ।
ਫਰੀਦਕੋਟ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਇਥੋਂ ਦੀ ਐਸ ਐਸ ਪੀ ਪ੍ਰੱਗਿਆ ਜੈਨ ਵਲੋਂ ਲਗਾਤਾਰ ਲੋਕਾਂ ਨੂੰ ਭਰੋਸਾ ਦਿੱਤਾ ਜਾਂਦਾ ਰਿਹਾ ਕਿ ਪ੍ਰਸਾਸ਼ਨ, ਪੁਲੀਸ ਅਤੇ ਫੌਜ ਵਲੋਂ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ। ਇਸ ਲਈ ਇਸ ਇਲਾਕੇ ਦੇ ਲੋਕਾਂ ਵਿਚ ਬਿੱਲਕੁੱਲ ਸਹਿਮ ਨਜ਼ਰ ਨਹੀਂ ਆਇਆ।
ਫਿਰ ਵੀ ਫਰੀਦਕੋਟ ਇਲਾਕੇ ਦੇ ਲੋਕਾਂ ਨੇ ਪ੍ਰਸਾਸ਼ਨ ਅਤੇ ਪੁਲੀਸ ਨੂੰ ਪੂਰਾ ਸਹਿਯੋਗ ਦਿੱਤਾ। ਜਦੋਂ ਵੀ ਬਲੈਕਆਊਟ ਲਈ ਪ੍ਰਸਾਸ਼ਨ ਵਲੋਂ ਹਦਾਇਤਾਂ ਕੀਤੀਆਂ ਜਾਂਦੀਆਂ ਸਨ ਤਾਂ ਲੋਕਾਂ ਵਲੋਂ ਹਦਾਇਤਾਂ ਦਾ ਪੂਰਾ ਪਾਲਣ ਕੀਤਾ ਜਾਂਦਾ ਸੀ। ਇਥੋਂ ਤੱਕ ਫਰੀਦਕੋਟ ਦੇ ਬਾਜ਼ਾਰ ਅਤੇ ਟਰੈਫਿਕ ਵੀ 7 ਵਜੇ ਤੋਂ ਬਾਅਦ ਬੰਦ ਕਰ ਦਿੱਤਾ ਜਾਂਦਾ ਸੀ। ਫਰੀਦਕੋਟ ਇਲਾਕੇ ਵਿਚ ਕਿਤੇ ਵੀ ਪੁਲੀਸ ਵਲੋਂ ਸਖਤੀ ਕੀਤੇ ਜਾਣ ਦੀ ਕੋਈ ਖਬਰ ਨਹੀਂ ਆਈ, ਕਿਉਂਕਿ ਲੋਕਾਂ ਵਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਸੀ।
ਇਨ੍ਹਾਂ ਹਾਲਾਤਾਂ ਤੋਂ ਇਹ ਤੱਥ ਖੁੱਲ੍ਹ ਕੇ ਸਾਹਮਣੇ ਆਏ ਹਨ ਕਿ ਇਸ ਵੇਲੇ ਦੇ ਪ੍ਰਸਾਸ਼ਨ, ਪਲੀਸ ਅਤੇ ਫੌਜੀ ਅਧਿਕਾਰੀਆਂ ਵਲੋਂ ਜੇਕਰ ਲੋਕਾਂ ਦੀ ਸੁਰੱਖਿਆ ਲਈ ਪੂਰੀ ਜੁੰਮੇਵਾਰੀ ਨਿਭਾਈ ਜਾ ਰਹੀ ਹੈ ਤਾਂ ਲੋਕਾਂ ਵਲੋਂ ਵੀ ਇਨ੍ਹਾਂ ਅਧਿਕਾਰੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਅਪਣਾਈ ਜਾ ਰਹੀ ਹੈ। ਇਸ ਨਾਲ ਇਹ ਇਲਾਕਾ ਪੰਜਾਬ ਦਾ ਅਜਿਹਾ ਇਲਾਕਾ ਬਣ ਗਿਆ ਹੈ, ਜਿਥੇ ਖਤਰੇ ਵਾਲੇ ਹਾਲਾਤਾਂ ਵਿਚ ਵੀ ਲੋਕ ਚੈਨ ਦੀ ਨੀਂਦ ਸੌਂ ਰਹੇ ਸਨ।
