ਚੰਡੀਗੜ੍ਹ, 17 ਨਵੰਬਰ : ਪੰਜਾਬ ਸਰਕਾਰ ਵਲੋਂ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਨਸਲ ਦੀਆਂ ਗਊਆਂ ਦਾ ਇਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੇ ਡੇਅਰੀ ਦਾ ਧੰਦਾ ਕਰ ਰਹੇ ਕਿਸਾਨਾਂ ਨੂੰ ਹੋਰ ਮੁਨਾਫਾ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਵਿਚ ਹੋਲਸਟਾਈਨ ਫਰੀਜ਼ੀਅਨ (ਐਚ.ਐਫ.) ਨਸਲ ਦੀਆਂ ਗਊਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਦੁੱਧ ਦੀ ਸਮਰੱਥਾ ਬਾਰੇ ਜਾਨਣ ਲਈ ਇਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਇਸੇ ਸਾਲ ਸ਼ੁਰੂ ਹੋ ਜਾਵੇਗਾ ਅਤੇ ਇਸ ‘ਤੇ 5.31 ਕਰੋੜ ਰੁਪਏ ਖਰਚ ਆਉਣਗੇ। ਸਾਲ 2024 ਤੋਂ 2026 ਤੱਕ ਦੋ ਸਾਲਾਂ ਦੌਰਾਨ ਲੁਧਿਆਣਾ, ਮੋਗਾ ਤੇ ਫਤਿਹਗੜ੍ਹ ਸਾਹਿਬ ਜਿਲਿਆਂ ਦੇ 90 ਪਿੰਡਾਂ ਵਿਚ ਐਚ.ਐਫ. ਨਸਲ ਦੀਆਂ 13 ਹਜਾਰ ਗਊਆਂ ਦੇ ਦੁੱਧ ਦਾ ਉਤਪਾਦਨ ਰਿਕਾਰਡ ਕੀਤਾ ਜਾਵੇਗਾ। ਇਨ੍ਹਾਂ ਗਾਵਾਂ ਦੀ ਖਰੀਦ ਵਿਚ ਵੀ ਸਰਕਾਰ ਵਲੋਂ ਸਹਾਇਤਾ ਕੀਤੀ ਜਾਵੇਗੀ। ਇਸ ਨਾਲ ਜਿਥੇ ਪਸ਼ੂ ਪਾਲਕਾਂ ਨੂੰ ਸਹਾਇਤਾ ਮਿਲੇਗੀ, ਉਥੇ ਹੋਰ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲੇਗਾ।