Wednesday, February 19Malwa News
Shadow

ਪੰਜ ਨਵੇਂ ਮੰਤਰੀਆਂ ਨੂੰ ਕਰ ਦਿੱਤੀ ਵਿਭਾਗਾਂ ਦੀ ਵੰਡ

ਚੰਡੀਗੜ੍ਹ : ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਚਾਰ ਮੰਤਰੀਆਂ ਪਾਸੋਂ ਅਸਤੀਫੇ ਲੈਣ ਪਿਛੋਂ ਪੰਜ ਨਵੇਂ ਚਿਹਰੇ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਹਨ। ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜ ਨਵੇਂ ਮੰਤਰੀਆਂ ਨੂੰ ਆਹੁਦੇ ਦੀ ਸਹੁੰ ਚੁਕਾਈ।
ਭਗਵੰਤ ਮਾਨ ਸਰਕਾਰ ਵਿਚ ਨਵੇਂ ਸ਼ਾਮਲ ਕੀਤੇ ਗਏ ਮੰਤਰੀਆਂ ਵਿਚ ਜਿਲਾ ਹੁਸ਼ਿਆਰਪੁਰ ਦੇ ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ, ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਅਤੇ ਜਲੰਧਰ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਮਹਿੰਦਰ ਭਗਤ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਜਲੰਧਰ ਪੱਛਮੀ ਦੀ ਥੋੜਾ ਸਮਾਂ ਪਹਿਲਾਂ ਹੀ ਜ਼ਿਮਨੀ ਚੋਣ ਵਿਚ ਮਹਿੰਦਰ ਭਗਤ ਵਿਧਾਇਕ ਚੁਣੇ ਗਏ ਸਨ। ਮਹਿੰਦਰ ਭਗਤ ਦੀ ਚੋਣ ਜਿੱਤਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਡੀ ਚੋਟੀ ਦਾ ਜੋਰ ਲਾਇਆ ਸੀ। ਇਥੋਂ ਤੱਕ ਕਿ ਮੁੱਖ ਮੰਤਰੀ ਨੇ ਜਲੰਧਰ ਵਿਚ ਹੀ ਆਪਣਾ ਘਰ ਲੈ ਲਿਆ ਸੀ।
ਬੀਤੀ ਸ਼ਾਮ ਹੀ ਆਮ ਆਦਮੀ ਪਾਰਟੀ ਵਲੋਂ ਪੁਰਾਣੇ ਚਾਰ ਵਿਧਾਇਕਾਂ ਤੋਂ ਅਸਤੀਫੇ ਲੈ ਲਏ ਗਏ ਸਨ। ਇਨ੍ਹਾਂ ਚਾਰ ਮੰਤਰੀਆਂ ਵਿਚ ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾ ਮਾਜਰਾ, ਬਲਕਾਰ ਸਿੰਘ ਅਤੇ ਬ੍ਰਹਮ ਸ਼ੰਕਰ ਜਿੰਪਾ ਸ਼ਾਮਲ ਸਨ।
ਅੱਜ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਫੇਰਬਦਲ ਕੀਤੀ ਗਈ। ਨਵੀਂ ਫੇਰਬਦਲ ਅਨੁਸਾਰ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਇਸ ਤਰਾਂ ਕੀਤੀ ਗਈ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਜਨਰਲ ਐਡਮਿਨਿਸਟਰੇਸ਼ਨ, ਗ੍ਰਹਿ ਮਾਮਲੇ, ਪਰਸਨਲ ਵਿਭਾਗ, ਵਿਜੀਲੈਂਸ, ਸਹਿਕਾਰੀ ਵਿਭਾਗ, ਲੀਗਲ ਐਂਡ ਲੈਜਿਸਲੇਟਿਵ ਅਫੇਅਰ, ਸਿਵਲ ਏਵੀਏਸ਼ਨ, ਸਾਇੰਸ ਅਤੇ ਟੈਕਨਾਲੋਜੀ ਤੋਂ ਇਲਾਵਾ ਯੂਥ ਵੈਲਫੇਅਰ ਵਿਭਾਗ ਸੌਂਪਿਆ ਗਿਆ।

ਇਸੇ ਤਰਾਂ ਹਰਪਾਲ ਸਿੰਘ ਚੀਮਾ ਨੂੰ ਵਿੱਤ ਵਿਭਾਗ, ਯੋਜਨਾ ਵਿਭਾਗ, ਪ੍ਰੋਗਰਾਮ ਇੰਪਲੀਮੈਂਟੇਸ਼ਨ, ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦਿੱਤੇ ਗਏ। ਸ੍ਰੀ ਅਮਨ ਅਰੋੜਾ ਨੂੰ ਊਰਜਾ ਮੰਤਰਾਲਾ, ਸ਼ਿਕਾਇਤ ਨਿਵਾਰਨ ਵਿਭਾਗ ਅਤੇ ਰੋਜ਼ਗਾਰ ਵਿਭਾਗ ਦਿੱਤਾ ਗਿਆ। ਡਾ. ਬਲਜੀਤ ਕੌਰ ਨੂੰ ਸਮਾਜਿਕ ਸੁਰੱਖਿਆ ਵਿਭਾਗ, ਕੁਲਦੀਪ ਸਿੰਘ ਧਾਲੀਵਾਲ ਨੂੰ ਐਨ ਆਰ ਆਈ ਮਾਮਲੇ, ਐਡਮਿਨਿਸਟਰੇਟਿਵ ਰੀਫੋਰਮਜ਼, ਡਾ. ਬਲਬੀਰ ਸਿੰਘ ਸਿਹਤ ਵਿਭਾਗ, ਮੈਡੀਕਲ ਸਿੱਖਿਆ ਅਤੇ ਚੋਣ ਵਿਭਾਗ ਦਿੱਤਾ ਗਿਆ। ਨਵੇਂ ਬਣੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਮਾਲ ਵਿਭਾਗ, ਵਾਟਰ ਸਪਲਾਈ ਵਿਭਾਗ, ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਦਿੱਤੇ ਗਏ ਹਨ। ਸ੍ਰੀ ਲਾਲ ਚੰਦ ਕਟਾਰੂਚੱਕ ਨੂੰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਅਤੇ ਜੰਗਲਾਤ ਵਿਭਾਗ ਦਿੱਤੇ ਗਏ ਹਨ। ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਵਿਭਾਗ ਹੀ ਦੁਬਾਰਾ ਦਿੱਤਾ ਗਿਆ ਹੈ। ਹਰਜੋਤ ਸਿੰਘ ਬੈਂਸ ਨੂੰ ਤਕਨੀਕੀ ਸਿੱਖਿਆ, ਉੱਚ ਸਿੱਖਿਆ, ਸਕੂਲ ਸਿੱਖਿਆ ਅਤੇ ਸੂਚਨਾ ਤਕਨਾਲੋਜੀ ਵਿਭਾਗ ਦਿੱਤੇ ਗਏ ਹਨ। ਸ੍ਰੀ ਹਰਭਜਨ ਸਿੰਘ ਨੂੰ ਪਬਲਿਕ ਵਰਕਸ ਵਿਭਾਗ ਦਿੱਤਾ ਗਿਆ ਹੈ। ਬਰਿੰਦਰ ਕੁਮਾਰ ਗੋਇਲ ਨੂੰ ਮਾਈਨਜ਼ ਐਂਡ ਜੁਆਲੋਜੀ ਵਿਭਾਗ, ਵਾਟਰ ਰਿਸੋਰਸਜ਼, ਕੰਜ਼ਰਵੇਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਦਿੱਤਾ ਗਿਆ ਹੈ। ਤਰਨਪ੍ਰੀਤ ਸਿੰਘ ਸੋਂਦ ਨੂੰ ਟੂਰਿਜ਼ਮ ਅਤੇ ਕਲਚਰਲ ਅਫੇਅਰ, ਇਨਵੈਸਟਮੈਂਟ ਪ੍ਰੋਮੋਸ਼ਨ, ਲੇਬਰ ਵਿਭਾਗ, ਹੌਸਪੈਟਿਲਟੀ, ਇੰਡਸਟਰੀ ਤੇ ਕਮਰਸ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਿੱਤੇ ਗਏ ਹਨ। ਡਾ. ਰਵਜੋਤ ਸਿੰਘ ਨੂੰ ਲੋਕਲ ਗਵਰਨਮੈਂਟ ਅਤੇ ਪਾਰਲੀਮੈਂਟਰੀ ਅਫੇਅਰਜ਼ ਵਿਭਾਗ ਦਿੱਤਾ ਗਿਆ ਹੈ। ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਵਿਭਾਗ, ਪਸੂ਼ ਪਾਲਣ ਵਿਭਾਗ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦਿੱਤੇ ਗਏ ਹਨ। ਨਵੇਂ ਮੰਤਰੀ ਮੋਹਿੰਦਰ ਭਗਤ ਨੂੰ ਡਿਫੈਂਸ ਸਰਵਿਸ ਵੈਲਫੇਅਰ, ਫਰੀਡਮ ਫਾਈਟਰਜ਼ ਅਤੇ ਹਾਰਟੀਕਲਚਰ ਵਿਭਾਗ ਦਿੱਤੇ ਗਏ ਹਨ।

Basmati Rice Advertisment