ਚੰਡੀਗੜ੍ਹ: ਪੰਜਾਬੀਅਤ ਕਲਾ ਅਤੇ ਵੰਨਗੀਆਂ ਦਾ ਵਰਲਡ-ਵਾਈਡ ਪਸਾਰਾ ਕਰਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਕਾਮੇਡੀਅਨ ਨਵ ਲਹਿਲ, ਜੋ ਪਾਲੀਵੁੱਡ ਵਿਹੜੇ ਇੱਕ ਵਾਰ ਮੁੜ ਧੱਕ ਪਾਉਣ ਲਈ ਤਿਆਰ ਹਨ, ਜਿੰਨਾਂ ਦੀ ਬਹੁ-ਆਯਾਮੀ ਕਲਾ ਦਾ ਪ੍ਰਗਟਾਵਾ ਕਰਵਾਉਂਦੀ ਫਿਲਮ ‘ਸਰਬਸੰਮਤੀ’ ਜਲਦ ਸੋਸ਼ਲ ਪਲੇਟਫ਼ਾਰਮ ਉੱਪਰ ਰਿਲੀਜ਼ ਹੋਣ ਜਾ ਰਹੀ ਹੈ।
“ਨਵ ਲਹਿਲ ਪ੍ਰੋਡੋਕਸ਼ਨ” ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਹਾਸਰਸ ਫਿਲਮ, ਜਿਸ ਦਾ ਲੇਖਣ, ਨਿਰਮਾਣ ਅਤੇ ਨਿਰਦੇਸ਼ਨ ਜ਼ਿੰਮੇਵਾਰੀਆਂ ਨੂੰ ਨਵ ਲਹਿਲ ਦੁਆਰਾ ਹੀ ਅੰਜ਼ਾਮ ਦਿੱਤਾ ਗਿਆ ਹੈ। ਮਾਝੇ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਈ ਗਈ ਉਕਤ ਫਿਲਮ ਵਿੱਚ ਮੁੱਖ ਰੋਲ ਨਵ ਲਹਿਲ ਵੱਲੋਂ ਹੀ ਅਦਾ ਕੀਤਾ ਗਿਆ ਹੈ, ਜਿੰਨਾਂ ਤੋਂ ਇਲਾਵਾ ਹਰਿੰਦਰ ਭੁੱਲਰ, ਅਮਨ ਬੱਲ, ਅਰਵਿੰਦਰ ਭੱਟੀ, ਨਰਿੰਦਰ ਸਰਾਏ, ਗੁਰਦੀਪ ਗੋਲਡੀ (ਚਾਚਾ ਬਿਸ਼ਨਾ) ਆਦਿ ਚਿਹਰੇ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
ਉਕਤ ਨਿਰਮਾਣ ਹਾਊਸ ਅਨੁਸਾਰ “ਜ਼ਿੰਦਗੀ ਦੇ ਹਾਸਿਆਂ ਭਰੇ ਵੱਖ-ਵੱਖ ਰੰਗਾਂ ਨੂੰ ਪ੍ਰਤੀਬਿੰਬ ਕਰਨ ਜਾ ਰਹੀ ਉਕਤ ਫਿਲਮ, ਜਿਸ ਦੀ ਕਹਾਣੀ ਅਤੇ ਕਿਰਦਾਰਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਿਰਜਿਆ ਗਿਆ ਹੈ। ਆਗਾਮੀ ਦਿਨੀਂ ਵੱਡੇ ਪੱਧਰ ਉੱਪਰ ਸੋਸ਼ਲ ਪਲੇਟਫ਼ਾਰਮ ਉਪਰ ਦਰਸ਼ਕਾਂ ਦੇ ਸਨਮੁੱਖ ਕੀਤੀ ਜਾਵੇਗੀ ਉਕਤ ਫਿਲਮ, ਜਿਸ ਦਾ ਪਹਿਲਾ ਅਤੇ ਰਸਮੀ ਲੁੱਕ ਅੱਜ ਰਿਵੀਲ ਕੀਤਾ ਜਾ ਰਿਹਾ ਹੈ।”
ਪੰਜਾਬੀ ਲਘੂ ਫਿਲਮਾਂ ਦੇ ਨਾਲ-ਨਾਲ ਫੀਚਰ ਫਿਲਮਾਂ ਵਿੱਚ ਵੀ ਬਰਾਬਰਤਾ ਨਾਲ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ ਨਵ ਲਹਿਲ, ਜਿੰਨਾਂ ਦੀ ਪੰਜਾਬੀ ਫਿਲਮਾਂ ‘ਸੂਹੇ ਵੇ ਚੀਰੇ ਵਾਲਿਆ’ (2025), ‘ਮੇਰਾ ਕਾਲੇ ਰੰਗ ਦਾ ਯਾਰ’ (2025) ਅਤੇ ‘ਮਿਸਟਰ ਸ਼ੁਦਾਈ’ (2024) ਵਿੱਚ ਨਿਭਾਈਆਂ ਵੰਨ-ਸੁਵੰਨਤਾ ਭਰੀਆਂ ਭੂਮਿਕਾਵਾਂ ਨੂੰ ਕਾਫ਼ੀ ਸਰਾਹਿਆ ਗਿਆ ਹੈ।
ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਿਤ ਹਨ ਅਦਾਕਾਰ ਨਵ ਲਹਿਲ, ਜਿੰਨਾਂ ਦੇ ਕਰੀਅਰ ਨੂੰ ਰਫ਼ਤਾਰ ਅਤੇ ਉੱਚ ਗ੍ਰਾਫ ਦੇਣ ਵਾਲੀਆਂ ਕਾਮੇਡੀ ਫਿਲਮਾਂ ਵਿੱਚ ‘ਅੜਬ ਮਿਸਤਰੀ’ ਸੀਰੀਜ਼, ‘ਚੋਰਾਂ ਨੂੰ ਮੋਰ’, ‘ਭੁੱਖਿਆਂ ਦਾ ਘਰ’, ‘ਕ੍ਰਿਕਟ ਟੂਰਨਾਮੈਂਟ’, ‘ਮਰ ਗਏ ਓ ਲੋਕੋ’, ‘ਪਿੰਡ ਦੇ ਵੈਲੀ’ ਆਦਿ ਸ਼ਾਮਿਲ ਰਹੀਆਂ ਹਨ, ਜਿੰਨਾਂ ਵਿੱਚ ਉਨਾਂ ਦੀ ਅਦਾਕਾਰੀ ਨੂੰ ਕਾਫ਼ੀ ਸਰਾਹਿਆ ਗਿਆ ਹੈ।