Wednesday, September 24Malwa News
Shadow

ਰਾਸ਼ਟਰੀ ਆਯੁਰਵੇਦ ਦਿਵਸ: ਡਾ. ਬਲਬੀਰ ਸਿੰਘ ਵੱਲੋਂ ਸੂਬੇ ਵਿੱਚ ਆਯੁਰਵੇਦ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਈ ਉਪਰਾਲਿਆਂ ਦੀ ਸ਼ੁਰੂਆਤ

ਚੰਡੀਗੜ੍ਹ, 24 ਸਤੰਬਰ:– ਪੰਜਾਬ ਵਿੱਚ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇੱਥੇ ਪੰਜਾਬ ਕਲਾ ਭਵਨ ਵਿਖੇ 10ਵੇਂ ਰਾਸ਼ਟਰੀ ਆਯੁਰਵੇਦ ਦਿਵਸ ਮੌਕੇ ਇੱਕ ਈ-ਯੋਗ ਐਪ, ਵਿਭਾਗ ਦੀ ਅਧਿਕਾਰਤ ਵੈੱਬਸਾਈਟ ਅਤੇ ਆਈ.ਆਰ.ਏ. (ਉਦਯੋਗ, ਖੋਜ ਅਤੇ ਅਕਾਦਮੀਆ) ਚੈਂਬਰ ਆਫ਼ ਆਯੁਰਵੇਦ ਸਮੇਤ ਕਈ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ।

ਸਿਹਤ ਮੰਤਰੀ ਨੇ ਸਮਾਗਮ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਹ ਪਹਿਲਕਦਮੀਆਂ ਲੋਕਾਂ ਦੇ ਲਾਭ ਲਈ ਤਕਨਾਲੋਜੀ ਰਾਹੀਂ ਆਯੁਰਵੇਦ ਦੀ ਪਹੁੰਚਯੋਗਤਾ ਵਧਾਉਣ ਅਤੇ ਮਜ਼ਬੂਤ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਰੋਕਥਾਮ, ਸਿਹਤ ਪ੍ਰੋਤਸਾਹਨ, ਇਲਾਜ ਅਤੇ ਮੁੜਵਸੇਬੇ ਲਈ ਇਸਦੇ ਸਦੀਵੀ ਸਿਧਾਂਤਾਂ ਨੂੰ ਲਾਗੂ ਕਰਕੇ ਰੋਜ਼ਾਨਾ ਜੀਵਨ ਵਿੱਚ ਆਯੁਰਵੇਦ ਨੂੰ ਇੱਕ ਸੰਪੂਰਨ ਵਿਗਿਆਨ ਵਜੋਂ ਅਪਣਾਉਣ `ਤੇ ਜ਼ੋਰ ਦਿੱਤਾ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਆਧੁਨਿਕ ਡਿਜੀਟਲ ਪਲੇਟਫਾਰਮਾਂ ਨੂੰ ਅਪਣਾਉਣ ਦਾ  ਉਦੇਸ਼ ਆਯੁਰਵੈਦਿਕ ਗਿਆਨ ਅਤੇ ਸੇਵਾਵਾਂ ਤੱਕ ਜਨਤਕ ਪਹੁੰਚ ਨੂੰ ਵਧਾਉਣਾ ਹੈ ਤਾਂ ਜੋ ਸਾਰਿਆਂ ਲਈ ਇੱਕ ਸਿਹਤਮੰਦ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਇਸ ਸਾਲ ਦੇ ਥੀਮ,”ਆਯੁਰਵੇਦਾ ਫਾਰ ਪੀਪਲ ਐਂਡ ਪਲੈਨਟ ” ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਥੀਮ ਸਰੀਰ, ਮਨ, ਰੂਹ ਅਤੇ ਵਾਤਾਵਰਣ ਨੂੰ ਸੰਤੁਲਿਤ ਕਰਨ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

ਸਮਾਗਮ ਦੌਰਾਨ ਸਿਹਤ ਮੰਤਰੀ ਨੇ ਪੰਜ ਉੱਘੀਆਂ ਸ਼ਖਸੀਅਤਾਂ ਨੂੰ ਵੱਕਾਰੀ ਰਾਜ ਧਨਵੰਤਰੀ ਪੁਰਸਕਾਰ ਵੀ ਪ੍ਰਦਾਨ ਕੀਤੇ, ਜਿਨ੍ਹਾਂ ਵਿੱਚ ਜਿ਼ਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਧਿਕਾਰੀ ਸੰਗਰੂਰ ਡਾ. ਮਲਕੀਅਤ ਸਿੰਘ, ਆਯੁਰਵੈਦਿਕ ਮੈਡੀਕਲ ਅਧਿਕਾਰੀ ਡਾ. ਚੇਤਨ ਮਹਿਤਾ (ਜੀ.ਏ.ਡੀ. ਨਿੱਜਰਾਂ) ਅਤੇ ਡਾ. ਲਲਿਤ ਕਾਂਸਲ (ਸਵਾਸਥ ਕੇਂਦਰ ਕਾਨ੍ਹਗੜ੍ਹ, ਜਿ਼ਲ੍ਹਾ ਸੰਗਰੂਰ) ਅਤੇ ਉਪਵੈਦ ਸ੍ਰੀ ਹਰਕਿਰਨ ਸਿੰਘ ਸ਼ਾਮਲ ਹਨ।

ਇਸ ਸਮਾਗਮ ਵਿੱਚ ਆਯੁਰਵੈਦਿਕ ਸਿਸਟਮ ਆਫ਼ ਮੈਡੀਸਨ ਬੋਰਡ, ਪੰਜਾਬ ਦੇ ਰਜਿਸਟਰਾਰ ਡਾ. ਸੰਜੀਵ ਗੋਇਲ ਨੂੰ ਉਨ੍ਹਾਂ ਦੀ ਅਸਾਧਾਰਨ ਸੇਵਾ ਅਤੇ ਸਮਰਪਣ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਵੀ ਦਿੱਤਾ ਗਿਆ ।

ਇਸ ਤੋਂ ਪਹਿਲਾਂ, ਆਯੁਰਵੇਦ ਪੰਜਾਬ ਦੇ ਡਾਇਰੈਕਟਰ ਡਾ. ਰਵੀ ਡੂਮਰਾ ਨੇ ਵਿਭਾਗ ਦੀਆਂ ਪ੍ਰਾਪਤੀਆਂ ਅਤੇ ਮੀਲ ਪੱਥਰਾਂ ਨੂੰ ਉਜਾਗਰ ਕਰਦੇ ਹੋਏ ਇੱਕ ਵਿਸਤ੍ਰਿਤ ਪਾਵਰਪੁਆਇੰਟ ਪੇਸ਼ਕਾਰੀ “ਆਯੁਰਵੇਦ ਐਟ ਏ ਗਲੈਂਸ” ਪੇਸ਼ ਕੀਤੀ  ।