Saturday, November 22Malwa News
Shadow

ਤਲਵੰਡੀ ਸਾਬੋ ਤੋਂ ਅਰੰਭ ਹੋਏ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ‘ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਤਰੁਨਪ੍ਰੀਤ ਸਿੰਘ ਸੌਂਦ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ

*ਸ੍ਰੀ ਅਨੰਦਪੁਰ ਸਾਹਿਬ/ਚੰਡੀਗੜ੍ਹ, 22 ਨਵੰਬਰ:*– ਹਿੰਦ ਦੀ ਚਾਦਰ, ਧਰਮ ਦੇ ਰਾਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 20 ਨਵੰਬਰ ਨੂੰ ਤਲਵੰਡੀ ਸਾਬੋ ਤੋਂ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਅਰੰਭ ਹੋਏ ਵਿਸ਼ਾਲ ਨਗਰ ਕੀਰਤਨ ਦੀ ਅੱਜ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਉਤੇ ਸਮਾਪਤੀ ਹੋਈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਨਗਰ ਕੀਰਤਨ ਦੇ ਪਹੁੰਚਣ ‘ਤੇ ਕੈਬਨਿਟ ਮੰਤਰੀ  ਹਰਜੋਤ ਸਿੰਘ ਬੈਂਸ, ਤਰੁਨਪ੍ਰੀਤ ਸਿੰਘ ਸੌਂਦ ਅਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ।

ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰਛਾਇਆ ਅਤੇ ਪੰਜ ਪਿਆਰਿਆਂ ਤੇ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਦਾ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ‘ਤੇ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਗਤ ਵੱਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨਗਰ ਕੀਰਤਨ ਸ਼ਾਮਿਲ ਪੰਜ ਪਿਆਰੇ ਸਾਹਿਬਾਨ ਅਤੇ ਪੰਜ ਨਿਸ਼ਾਨਚੀ ਸਾਹਿਬਾਨ ਨੂੰ ਸਿਰੋਪਾਓ ਭੇਂਟ ਕੀਤਾ ਗਿਆ।

ਨਗਰ ਕੀਰਤਨ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਤਰੁਨਪ੍ਰੀਤ ਸਿੰਘ ਸੌਂਦ ਅਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਪੂਰੇ ਸਤਿਕਾਰ ਸਹਿਤ ਗੁਰੂਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਸਸ਼ੋਭਿਤ ਕੀਤਾ।

ਤਲਵੰਡੀ ਸਾਬੋ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਥੇ ਦੇ ਸਿੰਘ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਜੱਥੇ ਸਮੇਤ ਨਿਹੰਗ ਸਿੰਘ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਜਥੇ ਦੇ ਵੱਡੀ ਗਿਣਤੀ ਸਿੰਘਾਂ ਸਮੇਤ ਹੋਰ ਜਥੇਬੰਦੀਆਂ ਤੇ ਸੰਸਥਾਵਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਮਹਾਨ ਨਗਰ ਕੀਰਤਨ ਸਮੂਹ ਸੰਗਤ ਦੇ ਸਹਿਯੋਗ ਨਾਲ 20 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ (ਦੇਗਸਰ) ਪਾਤਸ਼ਾਹੀ 10ਵੀਂ ਛਾਉਣੀ ਬੁੱਢਾ ਦਲ ਪੰਜਵਾਂ ਤਖ਼ਤ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਸਜਾਇਆ ਗਿਆ।

ਇਸ ਦੌਰਾਨ ਸ਼ਹਾਦਤ-ਏ-ਲੋਅ, ਧਾਰਮਿਕ ਕੀਰਤਨ, ਨਗਾਰਿਆਂ ਦੀ ਗੂੰਜ ਤੇ ਗੱਤਕੇ ਦੇ ਜੌਹਰ, ਇਤਿਹਾਸ ਦਰਸਾਉਂਦੀ ਐਲਈਡੀ ਵੈਨ ਸੰਗਤ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਸਨ। ਸਾਰੇ ਜ਼ਿਲ੍ਹਿਆਂ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਮੋਹਾਲੀ, ਰੂਪਨਗਰ ਜ਼ਿਲ੍ਹਿਆਂ ‘ਚ ਸੰਗਤ ਵੱਲੋਂ ਗਜਾਏ ਜੈਕਾਰਿਆਂ ਦੀ ਗੂੰਜ ਨਾਲ ਭਰਵਾਂ ਸਵਾਗਤ ਕਰਦਿਆਂ ਪੁਲਿਸ ਦੀਆਂ ਹਥਿਆਰਬੰਦ ਟੁਕੜੀਆਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ।