
ਬਰਨਾਲਾ, 26 ਮਈ- ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ 2026 ਲਈ ਅੱਜ ਵੋਟਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਰਨਾਲਾ ਸਹਿਤ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਵੋਟਿੰਗ ਅਮਲ ਦਾ ਜਾਇਜ਼ਾ ਲਿਆ।
ਓਹਨਾਂ ਨਗਰ ਨਿਗਮ ਬਰਨਾਲਾ, ਨਗਰ ਕੌਂਸਲ ਤਪਾ, ਨਗਰ ਕੌਂਸਲ ਧਨੌਲਾ, ਨਗਰ ਕੌਂਸਲ ਭਦੌੜ ਦੇ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਵੋਟਿੰਗ ਨਿਰਵਿਘਨ ਜਾਰੀ ਹੈ। ਓਹਨਾਂ ਕਿਹਾ ਕਿ ਵੋਟਰ ਗਰਮੀ ਦੇ ਬਾਵਜੂਦ ਉਤਸ਼ਾਹ ਨਾਲ ਵੋਟਾਂ ਪਾ ਰਹੇ ਹਨ ਅਤੇ ਵੋਟਰਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਓਹਨਾਂ ਦੱਸਿਆ ਕਿ ਦੁਪਹਿਰ 12 ਵਜੇ ਤੱਕ ਨਗਰ ਨਿਗਮ ਬਰਨਾਲਾ ਲਈ 35.60%, ਨਗਰ ਕੌਂਸਲ ਤਪਾ 36.54 %, ਨਗਰ ਕੌਂਸਲ ਭਦੌੜ 41.95 %, ਨਗਰ ਕੌਂਸਲ ਧਨੌਲਾ ਲਈ 36.96% ਫੀਸਦੀ ਵੋਟਿੰਗ ਹੋਈ। ਓਹਨਾਂ ਕਿਹਾ ਕਿ ਵੋਟਾਂ ਦਾ ਸਮਾਂ ਸ਼ਾਮ 5 ਵਜੇ ਤਕ ਹੈ।
ਇਸੇ ਤਰ੍ਹਾਂ ਰਿਟਰਨਿੰਗ ਅਫ਼ਸਰ ਬਰਨਾਲਾ ਸ਼੍ਰੀ ਵਿਵੇਕ ਮੋਦੀ ਆਈ ਏ ਐੱਸ, ਰਿਟਰਨਿੰਗ ਅਫ਼ਸਰ ਤਪਾ ਸ਼੍ਰੀ ਆਯੂਸ਼ ਗੋਇਲ ਆਈ ਏ ਐੱਸ, ਰਿਟਰਨਿੰਗ ਅਫ਼ਸਰ ਧਨੌਲਾ ਸ਼੍ਰੀ ਅਜੀਤਪਾਲ ਸਿੰਘ ਚਹਿਲ ਪੀ ਸੀ ਐੱਸ ਤੇ ਰਿਟਰਨਿੰਗ ਅਫ਼ਸਰ ਭਦੌੜ ਸ਼੍ਰੀਮਤੀ ਕ੍ਰਿਤਿਕਾ ਗੋਇਲ ਆਈ ਏ ਐਸ ਵੱਲੋਂ ਵੀ ਆਪਣੇ ਅਧੀਨ ਪੈਂਦੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ ਅਤੇ ਵੋਟਿੰਗ ਅਮਲ ਦਾ ਜਾਇਜ਼ਾ ਲਿਆ ਗਿਆ।
ਰਿਟਰਨਿੰਗ ਅਫ਼ਸਰ ਸ੍ਰੀ ਮੋਦੀ ਨੇ ਕਿਹਾ ਕਿ ਗਰਮੀ ਅਤੇ ਧੁੱਪ ਦੇ ਬਾਵਜੂਦ ਲੋਕਾਂ ਵਿੱਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਵੇਰ ਤੋਂ ਹੀ ਵੋਟਰ ਵੱਡੀ ਗਿਣਤੀ ਵਿੱਚ ਆਪਣੇ ਲੋਕਤੰਤਰਿਕ ਅਧਿਕਾਰ ਦੀ ਵਰਤੋਂ ਕਰਨ ਲਈ ਪਹੁੰਚ ਰਹੇ ਹਨ। ਓਹਨਾਂ ਕਿਹਾ ਕਿ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।