Friday, July 10Malwa News
Shadow

ਵਿਧਾਇਕ ਸੇਖੋਂ ਨੇ ਲਗਭਗ 26 ਕਰੋੜ ਰੁਪਏ ਦੀ ਲਾਗਤ ਨਾਲ ਦੋ ਅਹਿਮ ਸੜਕ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ

ਫ਼ਰੀਦਕੋਟ, 10 ਜੁਲਾਈ: ਫ਼ਰੀਦਕੋਟ ਹਲਕੇ ਦੇ ਸੜਕੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਦੋ ਮਹੱਤਵਪੂਰਨ ਸੜਕ ਪ੍ਰੋਜੈਕਟਾਂ ਫ਼ਰੀਦਕੋਟ–ਬਸਤੀ ਗੋਬਿੰਦਸਰ–ਅਰਾਈਆਂਵਾਲਾ ਸੜਕ ਅਤੇ ਮਹਿਮੂਆਣਾ–ਬੀਹਲੇਵਾਲਾ–ਮੁਕਤਸਰ–ਫਿਰੋਜ਼ਪੁਰ ਰੋਡ ਨਾਲ ਜੁੜਦੀ ਸੜਕ ਦੇ ਨਵੀਨੀਕਰਨ ਅਤੇ ਚੌੜਾ ਕਰਨ ਦੇ ਕੰਮਾਂ ਦਾ ਨੀਂਹ ਪੱਥਰ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਰੱਖਿਆ।

ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫ਼ਰੀਦਕੋਟ ਤੋਂ ਅਰਾਈਆਂਵਾਲਾ ਨੂੰ ਜਾਂਦੀ ਸੜਕ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਰਹੀ ਹੈ। ਇਹ ਸੜਕ ਤੰਗ ਹੋਣ ਕਾਰਨ ਆਵਾਜਾਈ ਦਾ ਵੱਡਾ ਦਬਾਅ ਝੱਲ ਰਹੀ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਕਰੀਬ 5 ਕਿਲੋਮੀਟਰ ਲੰਬੀ ਇਸ ਸੜਕ ਦਾ ਨਵੀਨੀਕਰਨ ਕੀਤਾ ਜਾਵੇਗਾ, ਜਦਕਿ ਅਰਾਈਆਂਵਾਲਾ ਪਿੰਡ ਦੇ ਕਰੀਬ ਡੇਢ ਕਿਲੋਮੀਟਰ ਹਿੱਸੇ ਵਿੱਚ ਸੀ.ਸੀ. ਸੜਕ ਦਾ ਨਿਰਮਾਣ ਵੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਦੋਵਾਂ ਪ੍ਰੋਜੈਕਟਾਂ ਤੇ ਲਗਭਗ 26 ਕਰੋੜ ਰੁਪਏ ਦੀ ਲਾਗਤ ਆਵੇਗੀ। ਇਨ੍ਹਾਂ ਸੜਕਾਂ ਦੀ ਚੌੜਾਈ ਮੌਜੂਦਾ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾਵੇਗੀ, ਜਿਸ ਨਾਲ ਆਵਾਜਾਈ ਹੋਰ ਸੁਖਾਲੀ, ਸੁਰੱਖਿਅਤ ਅਤੇ ਤੇਜ਼ ਹੋਵੇਗੀ। ਪ੍ਰੋਜੈਕਟਾਂ ਵਿੱਚ ਪੰਜ ਸਾਲ ਦੀ ਮੈਨਟੀਨੈਂਸ ਵੀ ਸ਼ਾਮਲ ਕੀਤੀ ਗਈ ਹੈ, ਜਿਸ ਤਹਿਤ ਇਸ ਮਿਆਦ ਦੌਰਾਨ ਸੜਕਾਂ ਵਿੱਚ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਖ਼ਰਾਬੀ ਨੂੰ ਠੇਕੇਦਾਰ ਠੀਕ ਕਰੇਗਾ।

ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਫ਼ਰੀਦਕੋਟ ਹਲਕੇ ਦੀਆਂ ਹੋਰ ਲਿੰਕ ਸੜਕਾਂ ਅਤੇ ਕੱਚੇ ਰਾਹਾਂ ਨੂੰ ਵੀ ਪੱਕਾ ਕੀਤਾ ਜਾ ਰਿਹਾ ਹੈ ਤਾਂ ਜੋ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲ ਸਕਣ।

ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੁਝ ਵਿਕਾਸ ਕਾਰਜ ਵੀ ਜਲਦੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ. ਅਮਨਦੀਪ ਸਿੰਘ ਬਾਬਾ, ਅਮਰਜੀਤ ਸਿੰਘ ਪਰਮਾਰ, ਪ੍ਰੀਤਮ ਸਿੰਘ ਭਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।