Monday, November 17Malwa News
Shadow

ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦਾ ਬੇਹੁਰਮਤੀ ਦਾ ਮਾਮਲਾ

ਚੰਡੀਗੜ੍ਹ, 17 ਨਵੰਬਰ:- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਤਰਨਤਾਰਨ ਵਿਧਾਨ ਸਭਾ ਉਪ-ਚੋਣ ਦੌਰਾਨ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦੀ ਬੇਹੁਰਮਤੀ ਤਰੀਕੇ ਨਾਲ ਵਰਤੋਂ ਕਰਨ ਦੇ ਮਾਮਲੇ ਸਬੰਧੀ ਸੀਨੀਅਰ ਸੁਪਰੀਟੈਂਡਟ ਆਫ਼ ਪੁਲਿਸ ਤਰਨਤਾਰਨ ਨੂੰ 26 ਨਵੰਬਰ, 2025 ਨੂੰ ਸਬੰਧਤ ਪੁਲਿਸ ਕਪਤਾਨ ਰਾਹੀਂ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਮਾਮਲਾ ਸੋਸ਼ਲ ਮੀਡੀਆ ਅਤੇ ਅਖ਼ਬਾਰ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਸੀ, ਜਿਸ ਤੋਂ ਬਾਅਦ ਕਮਿਸ਼ਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।

ਚੇਅਰਮੈਨ ਗੜ੍ਹੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਰਿਟਰਨਿੰਗ ਅਫਸਰ-ਕਮ-ਐਸਡੀਐਮ ਤਰਨਤਾਰਨ ਕਮਿਸ਼ਨ ਅੱਗੇ ਪੇਸ਼ ਹੋਏ, ਅਤੇ ਕਾਂਗਰਸ ਦੇ ਸੀਨੀਅਰ ਆਗੂ ਸ. ਪ੍ਰਤਾਪ ਸਿੰਘ ਬਾਜਵਾ ਨੂੰ ਵੀ ਨਿੱਜੀ ਪੇਸ਼ੀ ਦਾ ਨੋਟਿਸ ਜਾਰੀ ਕੀਤਾ ਗਿਆ ਸੀ, ਜਿਨਾਂ ਵੱਲੋਂ ਪੇਸ਼ ਵਕੀਲ ਰਾਹੀਂ 17 ਨਵੰਬਰ ਤੋਂ ਬਾਅਦ ਪੇਸ਼ ਹੋਣ ਲਈ ਬੇਨਤੀ ਕੀਤੀ ਗਈ ਸੀ। ਚੋਣ ਕਮਿਸ਼ਨ ਵੱਲੋਂ ਕਾਂਗਰਸ ਅਤੇ ਉਮੀਦਵਾਰ ਨੂੰ ਤਾੜਨਾ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਚੋਣ ਕਮਿਸ਼ਨ ਨੇ ਮੰਨਿਆ ਹੈ ਕਿ ਇਸ ਧਾਰਮਿਕ ਤਸਵੀਰਾਂ ਦੀ ਵਰਤੋਂ ਮਾਮਲੇ ਵਿੱਚ ਮਾਡਲ ਕੋਡ ਆਫ਼ ਕੰਡਕਟ ਦਾ ਉਲੰਘਣ ਹੋਇਆ ਹੈ।