Monday, April 6Malwa News
Shadow

ਮਾਨ ਸਰਕਾਰ ਵਲੋਂ ਕਰੋੜਾਂ ਦੀ ਲਾਗਤ ਨਾਲ ਕੀਤਾ ਜਾ ਰਿਹੈ ਚਹੁੰ ਪੱਖੀ ਵਿਕਾਸ: ਮੀਤ ਹੇਅਰ

ਬਰਨਾਲਾ/ ਧਨੌਲਾ, 6 ਅਪ੍ਰੈਲ
 ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ “ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ” ਤਹਿਤ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਵਲੋਂ ਧਨੌਲਾ ਅਤੇ ਪਿੰਡ ਫਰਵਾਹੀ ਵਿਚ ਜਨ ਸੰਵਾਦ ਕੀਤਾ ਗਿਆ।
   ਇਸ ਮੌਕੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿੱਚ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਹਨ ਅਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਸੂਬੇ ਅਤੇ ਜ਼ਿਲ੍ਹੇ ਵਿੱਚ ਕਰਵਾਏ ਜਾ ਰਹੇ ਹਨ।
ਓਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ 10 ਲੱਖ ਰੁਪਏ ਤੱਕ ਦੀ ਸਿਹਤ ਗਾਰੰਟੀ, ਔਰਤਾਂ ਨੂੰ ਸਤਿਕਾਰ ਵਜੋਂ 1000 ਅਤੇ 1500 ਰੁਪਏ ਦੇਣ ਦੇ ਵਾਅਦੇ, ਸਕੂਲ ਆਫ਼ ਐਮੀਨੈਂਸ ਰਾਹੀਂ ਮਿਆਰੀ ਸਿੱਖਿਆ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ।
 ਉਨ੍ਹਾਂ ਹੋਰ ਦੱਸਿਆ ਕਿ ਸੂਬੇ ਦੇ ਲਗਭਗ 90 ਫ਼ੀਸਦੀ ਘਰੇਲੂ ਬਿਜਲੀ ਖਪਤਕਾਰਾਂ ਨੂੰ 600 ਯੂਨਿਟਾਂ ਤੱਕ ਸਬਸਿਡੀ ਦੇ ਨਾਲ ਜ਼ੀਰੋ ਬਿੱਲ ਮਿਲ ਰਹੇ ਹਨ। ਇਸ ਤੋਂ ਇਲਾਵਾ, ਸਰਕਾਰ ਵੱਲੋਂ 65,000 ਤੋਂ ਵੱਧ ਨੌਜੁਆਨਾਂ ਨੂੰ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
  ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 90,000 ਤੋਂ ਵੱਧ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਨਿਆਦੀ ਢਾਂਚੇ ਵੱਲ ਵੱਡਾ ਧਿਆਨ ਦਿੰਦਿਆਂ ਲਗਭਗ 45,000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।
  ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿਨ ਦੇ ਸਮੇਂ ਖੇਤੀ ਲਈ ਬਿਜਲੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨਹਿਰੀ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਲਗਭਗ 80 ਫ਼ੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ।
  ਓਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਵੀ ਕਰੋੜਾਂ ਦੀ ਲਾਗਤ ਨਾਲ ਖੇਡ ਮੈਦਾਨ, ਪੰਚਾਇਤ ਘਰਾਂ, ਆਂਗਨਵਾੜੀ ਸੈਂਟਰਾਂ, ਅਨਾਜ ਮੰਡੀਆਂ, ਸੜਕਾਂ, ਪੁਲਾਂ ਦੇ ਕੰਮ ਕਰਵਾਏ ਜਾ ਰਹੇ ਹਨ। ਜ਼ਿਲ੍ਹੇ ਵਿੱਚ 94 ਨਵੇਂ ਖੇਡ ਮੈਦਾਨ ਬਣ ਰਹੇ ਹਨ। ਸੜਕਾਂ ਦਾ ਨਵੀਨੀਕਰਨ ਅਤੇ ਚੌੜੀਆਂ ਕੀਤੀਆਂ ਜਾ ਰਹੀਆਂ ਹਨ ਤੇ ਪਿੰਡਾਂ ਵਿਚ ਨਵੇਂ ਮੋਘੇ ਕੱਢੇ ਹਨ। ਇਸ ਤੋਂ ਇਲਾਵਾ ਕਰੋੜਾਂ ਦੀ ਲਾਗਤ ਨਾਲ ਖੇਤਾਂ ਵਿਚ ਪਾਈਪਾਂ ਪਾਈਆਂ ਹਨ।  
ਓਹਨਾਂ ਕਿਹਾ ਕਿ ਮਾਨ ਸਰਕਾਰ ਵਲੋਂ ਪਹਿਲੇ ਸਾਲ ਤੋਂ ਹੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਲੋਕ ਭਲਾਈ ਸਕੀਮਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਓਹਨਾਂ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਕਿਸੇ ਸੂਬਾ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਹੈ ਜਿਸ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ। ਓਹਨਾਂ ਕਿਹਾ ਕਿ ਆਉਂਦੇ ਸਮੇਂ ਵੀ ਅਨੇਕ ਪ੍ਰੋਜੈਕਟ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ।