
ਮਾਨਸਾ/ਚੰਡੀਗੜ੍ਹ, 03 ਮਾਰਚ: ਦਿੱਲੀ ਕਿਸਾਨ ਅੰਦੋਲਨ 2020-21 ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 350 ਤੋਂ ਵਧੇਰੇ ਸਰਕਾਰੀ ਨੌਕਰੀਆਂ ਦੇਣ ‘ਤੇ ਵਾਰਸਾਂ ਵੱਲੋਂ ਖੇਤੀਬਾੜੀ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਦੀ ਚੰਡੀਗੜ੍ਹ ਰਿਹਾਇਸ਼ ਵਿਖੇ ਪਹੁੰਚ ਕੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਜ਼ਿਲ੍ਹਾ ਮਾਨਸਾ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੇ ਮੀਟਿੰਗ ਦੌਰਾਨ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਿੱਚ ਬਿਨ੍ਹਾਂ ਕਿਸੇ ਰਿਸ਼ਵਤ ਅਤੇ ਭੇਦਭਾਵ ਦੇ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਬੁਝੇ ਹੋਏ ਚੁੱਲ੍ਹੇ ਮੁੜ ਸੁਰਜੀਤ ਕਰਕੇ ਅਸਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਇਸ ਮੌਕੇ ਖੇਤੀਬਾੜੀ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪੱਖੋਂ ਸ਼ਹੀਦ ਕਿਸਾਨ ਮਜ਼ਦੂਰਾਂ ਦੇ ਵਾਰਸਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੋ ਵੀ ਨੌਕਰੀਆਂ ਸਬੰਧੀ ਕੇਸ ਅਪਰੂਵ ਹਨ, ਉਹ ਵੀ ਅਗਲੇ ਹਫਤੇ ਤੱਕ ਕਲੀਅਰ ਕਰ ਦਿੱਤੇ ਜਾਣਗੇ।
ਮੀਟਿੰਗ ਦੌਰਾਨ ਬਲਵੀਰ ਭੱਠਲ ਵੱਲੋਂ ਸ਼ਹੀਦ ਪਰਿਵਾਰਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਬਾਰੇ ਗੱਲਬਾਤ ਕੀਤੀ ਗਈ, ਜਿਸ ‘ਤੇ ਕੈਬਨਿਟ ਮੰਤਰੀ ਨੇ ਹਰੇਕ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਗਿਆਨ ਸਿੰਘ ਦੋਦੜਾ, ਇੰਦਰਜੀਤ ਸਿੰਘ ਸਿਵੀਆਂ, ਲੱਖਾ ਸਿੰਘ, ਬਾਦਲ ਸਿੰਘ, ਇੰਦਰਜੀਤ ਸਰਾਂ ਆਦਿ ਪਤਵੰਤੇ ਹਾਜ਼ਰ ਸਨ।