
ਚੰਡੀਗੜ੍ਹ, 8 ਫਰਵਰੀ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਦੇ ਮਾਮਲੇ ਵਿਚ ਕਈ ਤਰਾਂ ਦੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿਚ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਲਈ ਯਤਨ ਜਾਰੀ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਸਰਕਾਰ ਵਲੋਂ ਛੱਤਬੀੜ ਚਿੜੀਆਘਰ ਨੂੰ ਵਿਕਸਤ ਕਰਕੇ ਟੂਰਿਸਟਾਂ ਲਈ ਆਕਰਸ਼ਨ ਦਾ ਕੇਂਦਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਛੱਤਬੀੜ ਵਿਖੇ ਦੇਸ਼ ਦਾ ਸਭ ਤੋਂ ਲੰਬਾ ਵਾਕ ਇਨ ਐਵੀਅਰੀ ਸਥਾਪਿਤ ਕੀਤਾ ਗਿਆ ਹੈ, ਜੋ ਕਿ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਥੇ ਬਹੁਤ ਵੱਡਾ ਪਿੰਜਰਾ ਹੈ, ਜਿਥੇ ਸੈਲਾਨੀ ਪੰਛੀਆਂ ਨੂੰ ਨੇੜਿਓ ਦੇਖ ਸਕਦੇ ਹਨ। ਇਸੇ ਤਰਾਂ 1200 ਮੀਟਰ ਦੇ ਵਾਈਲਡਲਾਈਫ ਸਫਾਰੀ ਖੇਤਰ ਵਿਚ 260 ਕਿੱਲੋਵਾਟ ਦੀ ਸਮਰੱਥਾ ਵਾਲਾ ਸੋਲਰ ਪਲਾਂਟ ਵੀ ਲਗਾਇਆ ਗਿਆ ਹੈ ਅਤੇ ਚਾਰਦੀਵਾਰੀ ਨੂੰ ਵੀ ਮਜਬੂਤ ਕੀਤਾ ਗਿਗਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਹੋਰ ਵੀ ਕਈ ਤਰਾਂ ਦੀਆਂ ਅਧੁਨਿਕ ਤਕਨੀਕਾਂ ਨਾਲ ਜੰਗਲੀ ਜੀਵਾਂ ਲਈ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।