
ਚੰਡੀਗੜ੍ਹ, 4 ਫਰਵਰੀ : ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਕਿਰਤ ਵਿਭਾਗ ਦੇ ਈ-ਸ਼੍ਰਮ ਪੋਰਟਲ ‘ਤੇ 57,75,402 ਮਜ਼ਦੂਰਾਂ ਨੂੰ ਰਜਿਸਟਰਡ ਕੀਤਾ ਗਿਆ ਹੈ। ਨਵੀਂ ਦਿੱਲੀ ਵਿੱਚ ਕਿਰਤ ਮੰਤਰੀਆਂ ਦੇ ਸੰਮੇਲਨ ਵਿੱਚ, ਉਨ੍ਹਾਂ ਨੇ ਕਿਹਾ ਸੀ ਕਿ ਈ-ਸ਼੍ਰਮ ਤਹਿਤ ਰਜਿਸਟਰਡ ਮਜ਼ਦੂਰਾਂ ਲਈ ਮੈਡੀਕਲ ਬੀਮਾ, ਬੱਚਿਆਂ ਲਈ ਵਜ਼ੀਫ਼ਾ ਅਤੇ ਸੇਵਾਨਿਵਰਤੀ ਬਾਅਦ ਪੈਨਸ਼ਨ ਲਾਭ ਦਿੱਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਬਿਲਡਿੰਗ ਅਤੇ ਹੋਰ ਨਿਰਮਾਣ ਮਜ਼ਦੂਰ ਕਲਿਆਣ ਬੋਰਡ ਨੇ ਨਿਰਮਾਣ ਮਜ਼ਦੂਰਾਂ ਲਈ ਰਜਿਸਟਰੇਸ਼ਨ ਫਾਰਮ ਨੂੰ ਸੌਖਾ ਬਣਾਇਆ ਹੈ। ਫਾਰਮ ਨੰਬਰ 27 ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ।
ਜੇਕਰ ਕਿਸੇ ਮਜ਼ਦੂਰ ਦੀ ਅਰਜ਼ੀ ‘ਤੇ ਕੋਈ ਇਤਰਾਜ ਹੁੰਦਾ ਹੈ, ਤਾਂ ਸਬੰਧਤ ਨਿਰਮਾਣ ਮਜ਼ਦੂਰ ਨੂੰ ਐਸਐਮਐਸ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਕਿਰਤ ਨਿਰੀਖਕਾਂ ਨੂੰ ਅਰਜ਼ੀ ਪ੍ਰਾਪਤ ਹੋਣ ਦੇ 14 ਦਿਨਾਂ ਦੇ ਅੰਦਰ ਰਜਿਸਟਰੇਸ਼ਨ ਜਾਂ ਨਵੀਨੀਕਰਨ ਅਰਜ਼ੀ ‘ਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।