Friday, September 25Malwa News
Shadow

ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਬਣਦਾ ਫਰਜ਼ – ਹਰਜੋਤ ਬੈਂਸ

ਨੰਗਲ 25 ਸਤੰਬਰ: ਆਪਣਾ ਆਲਾ-ਦੁਆਲਾ, ਜਿੱਥੇ ਅਸੀਂ ਰਹਿੰਦੇ ਹਾਂ, ਨੂੰ ਸਾਫ਼-ਸੁਥਰਾ ਰੱਖਣਾ ਸਾਡੇ ਸਾਰਿਆਂ ਦਾ ਫਰਜ਼ ਹੈ। ਜੇਕਰ ਸਾਡਾ ਆਲਾ-ਦੁਆਲਾ ਸਾਫ਼-ਸੁਥਰਾ ਹੋਵੇਗਾ ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਜੇਕਰ ਹਰ ਵਿਅਕਤੀ ਆਪਣੇ ਘਰ, ਗਲੀ ਅਤੇ ਆਲੇ-ਦੁਆਲੇ ਦੀ ਸਫਾਈ ਨੂੰ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਸਾਡਾ ਪਿੰਡ, ਸ਼ਹਿਰ, ਕਸਬਾ ਅਤੇ ਜ਼ਿਲ੍ਹਾ ਆਪਣੇ ਆਪ ਸਾਫ਼-ਸੁਥਰਾ ਬਣ ਸਕਦਾ ਹੈ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੰਗਲ ਦੇ ਵਾਰਡ ਨੰਬਰ-2 ਵਿੱਚ ਚੱਲ ਰਹੀ ਸਫਾਈ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਕੀਤਾ।
      ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਫਾਈ ਸਿਰਫ਼ ਸਰਕਾਰੀ ਵਿਭਾਗਾਂ ਜਾਂ ਸਫਾਈ ਸੇਵਕਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਣ ਸਿਹਤਮੰਦ ਸਮਾਜ ਦੀ ਨੀਂਹ ਹੈ। ਲੋਕਾਂ ਨੂੰ ਆਪਣੇ ਘਰਾਂ ਦਾ ਕੂੜਾ ਨਿਰਧਾਰਤ ਸਥਾਨ ’ਤੇ ਪਾਉਣਾ ਚਾਹੀਦਾ ਹੈ ਅਤੇ ਗਲੀਆਂ, ਸੜਕਾਂ ਜਾਂ ਖਾਲੀ ਥਾਵਾਂ ’ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰਨਗੇ ਤਾਂ ਸਫਾਈ ਮੁਹਿੰਮ ਦੇ ਨਤੀਜੇ ਹੋਰ ਪ੍ਰਭਾਵਸ਼ਾਲੀ ਸਾਹਮਣੇ ਆਉਣਗੇ।
      ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਨੰਗਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਵੱਲੋਂ ਰੋਜ਼ਾਨਾ ਸਫਾਈ ਕਰਨ ਦੇ ਨਾਲ-ਨਾਲ ਜਿੱਥੇ ਵੀ ਬੁਨਿਆਦੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਦਾ ਮੌਕੇ ’ਤੇ ਜਾਇਜ਼ਾ ਲੈ ਕੇ ਹੱਲ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫਾਈ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾਵੇ।
          ਉਨ੍ਹਾਂ ਕਿਹਾ ਕਿ ਨੰਗਲ ਨੂੰ ਸਾਫ਼, ਸੁੰਦਰ ਅਤੇ ਵਿਵਸਥਿਤ ਸ਼ਹਿਰ ਬਣਾਉਣ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਵਿੱਚ ਸਫਾਈ ਪ੍ਰਤੀ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰਨ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਦੀ ਆਦਤ ਅਪਣਾਉਣ। ਉਨ੍ਹਾਂ ਕਿਹਾ ਕਿ ਸਫਾਈ ਮੁਹਿੰਮ ਨੂੰ ਸਿਰਫ਼ ਇੱਕ ਦਿਨ ਜਾਂ ਕੁਝ ਸਮੇਂ ਤੱਕ ਸੀਮਤ ਰੱਖਣ ਦੀ ਬਜਾਏ ਇਸ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ। ਇਸ ਨਾਲ ਸ਼ਹਿਰ ਦੀ ਸੁੰਦਰਤਾ ਦੇ ਨਾਲ-ਨਾਲ ਲੋਕਾਂ ਦੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ।
       ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਨੰਗਲ ਦੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਮੌਕੇ ’ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੀ ਸਫਾਈ ਅਤੇ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਲਗਾਤਾਰ ਚੁੱਕੇ ਜਾਣਗੇ। ਉਨ੍ਹਾਂ ਮੁੜ ਅਪੀਲ ਕੀਤੀ ਕਿ ਨੰਗਲ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੀ ਮੁਹਿੰਮ ਵਿੱਚ ਹਰੇਕ ਨਾਗਰਿਕ ਆਪਣਾ ਯੋਗਦਾਨ ਪਾਵੇ। ਇਸ ਮੌਕੇ ਡਾ.ਸੰਜੀਵ ਗੌਤਮ, ਕਿਰਨ ਬਾਲਾ ਨਗਰ ਕੌਂਸਲ ਪ੍ਰਧਾਨ ਨੰਗਲ , ਨਿਸ਼ਾਂਤ ਗੁਪਤਾ , ਮਨਜੋਤ ਰਾਣਾ , ਮਨਿੰਦਰ ਸਿੰਘ ਨਿਧੀ, ਹਨੀ ਸਾਹਨੀ , ਸੰਜੀਵ ਕੁਮਾਰ , ਐਸਡੀਓ ਦਲਜੀਤ ਸਿੰਘ , ਰਣਜੀਤ ਸਿੰਘ ਰੱਗਾ , ਸਿਮਰਕਨ ਕੋਹਲੀ, ਮਦਨ ਲਾਲ ਸੈਨੇਟਰੀ ਇੰਸਪੈਕਟਰ , ਐਸਡੀਓ ਦਲਜੀਤ ਸਿੰਘ , ਐਸਡੀਓ ਮਨਜੀਤ ਸਿੰਘ ਆਦਿ ਹਾਜ਼ਰ ਸਨ।