ਨਵੀਂ ਦਿੱਲੀ, 8 ਜਨਵਰੀ : ਪੰਜਾਬ ਸਰਕਾਰ ਵਲੋਂ ਆਈ.ਟੀ. ਦੇ ਖੇਤਰ ਵਿਚ ਗਲੋਬਲ ਪੱਧਰ ‘ਤੇ ਆ ਰਹੀਆਂ ਨਵੀਆਂ ਨਵੀਆਂ ਤਕਨੀਕਾਂ ਦਾ ਲਾਹਾ ਲੈਣ ਲਈ ਨਵੀਂ ਸੂਚਨਾ ਤਕਨਾਲੋਜੀ ਨੀਤੀ ਤਿਆਰ ਕੀਤੀ ਗਈ ਹੈ, ਜੋ ਜਲਦੀ ਹੀ ਲਾਗੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਦਯੋਗਿਕ ਤੇ ਸਨਅਤੀ ਵਿਕਾਸ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਇਸ ਨਵੀਂ ਨੀਤੀ ਨਾਲ ਬਹੁਤ ਜਲਦੀ ਆਈ.ਟੀ. ਦੇ ਖੇਤਰ ਵਿਚ ਪੰਜਾਬ ਦਾ ਨਾਮ ਭਾਰਤ ਵਿਚੋਂ ਪਹਿਲੇ ਸਥਾਨ ‘ਤੇ ਆ ਜਾਵੇਗਾ।
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਐਲਾਨ ਕੀਤਾ ਹੈ ਕਿ ਪੰਜਾਬ ਨੂੰ ਉਦਯੋਗਿਕ ਹੱਬ ਵਜੋਂ ਡਿਵੈਲਪ ਕੀਤਾ ਜਾ ਰਿਹਾ ਹੈ ਅਤੇ ਇਸ ਰਾਜ ਵਿਚ ਨਿਵੇਸ਼ ਕਰਨ ਲਈ ਉਦਯੋਗਪਤੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸੇ ਮਕਸਦ ਨਾਲ ਨਵੀਂ ਦਿੱਲੀ ਵਿਖੇ ਵੱਖ ਵੱਖ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੀਆਂ ਜਾ ਰਹੀਆਂ ਨਵੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਕੈਬਨਿਟ ਮੰਤਰੀ ਵਲੋਂ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਵੱਖ ਵੱਖ ਕੰਪਨੀਆਂ ਦੇ ਮੁੱਖ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਪ੍ਰਤੀ ਭਰਵਾਂ ਹੁੰਗਾਰਾ ਦਿੱਤਾ। ਸੂਚਨਾ ਤਕਨੀਕ, ਬੁਨਿਆਦੀ ਢਾਂਚਾ, ਬਾਗਬਾਨੀ, ਸਿਹਤ ਅਤੇ ਹੋਰ ਵੱਖ ਵੱਖ ਖੇਤਰਾਂ ਵਿਚ ਨਿਵੇਸ਼ ਲਈ ਕੰਪਨੀਆਂ ਨੇ ਵੱਡੀ ਦਿਲਚਸਪੀ ਦਿਖਾਈ।
ਇਸ ਦੌਰਾਨ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਸੂਚਨਾ ਤਕਨਾਲੋਜੀ ਨੀਤੀ ਤਿਆਰ ਹੋ ਚੁੱਕੀ ਹੈ ਅਤੇ ਇਸ ਸਾਲ 31 ਮਾਰਚ ਤੋਂ ਪਹਿਲਾਂ ਪਹਿਲਾਂ ਇਸ ਨਵੀਂ ਨੀਤੀ ਨੂੰ ਕੈਬਨਿਟ ਵਲੋਂ ਮਨਜੂਰੀ ਮਿਲ ਜਾਵੇਗੀ। ਇਸ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਵਿਚ ਆਈ.ਟੀ. ਦੇ ਖੇਤਰ ਵਿਚ ਵੱਡੀ ਤਬਦੀਲੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਸੂਚਨਾ ਤਕਨਾਲੋਜੀ ਦਾ ਜ਼ਮਾਨਾ ਹੈ ਅਤੇ ਇਸ ਖੇਤਰ ਵਿਚ ਦੁਨੀਆਂ ਭਰ ਵਿਚ ਅਧੁਨਿਕ ਤਕਨੀਕਾਂ ਆ ਰਹੀਆਂ ਹਨ। ਇਸ ਲਈ ਪੰਜਾਬ ਸਰਕਾਰ ਵਲੋਂ ਵੀ ਨਵੀਆਂ ਤਕਨੀਕਾਂ ਦਾ ਲਾਹਾ ਲੈ ਕੇ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ‘ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਨਅਤੀ ਵਿਕਾਸ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਵੱਡੀਆਂ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਵੇਲੇ ਬਹੁਤ ਹੀ ਪਾਰਦਰਸ਼ੀ ਅਤੇ ਸਾਫ ਸੁਥਰਾ ਪ੍ਰਸਾਸ਼ਨਿਕ ਪ੍ਰਬੰਧ ਦਿੱਤਾ ਜਾ ਰਿਹਾ ਹੈ। ਇਸ ਲਈ ਕਿਸੇ ਵੀ ਕੰਪਨੀ ਨੂੰ ਪੰਜਾਬ ਵਿਚ ਨਿਵੇਸ਼ ਕਰਨ ਪਿਛੋਂ ਨਿਰਾਸ਼ਾ ਨਹੀਂ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਨਵੈਸਟ ਪੰਜਾਬ ਪੋਰਟਲ ਇਸ ਵੇਲੇ ਪੂਰੇ ਭਾਰਤ ਵਿਚ ਸਭ ਤੋਂ ਉੱਤਮ ਪੋਰਟਲ ਐਲਾਨਿਆ ਜਾ ਚੁੱਕਾ ਹੈ। ਇਸੇ ਤਰਾਂ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਿੰਗਲ ਵਿੰਡੋ ਪ੍ਰਣਾਲੀ ਨੂੰ ਵੀ ਸਨਅਤੀ ਕੰਪਨੀਆਂ ਵਲੋਂ ਬਹੁਤ ਸਲਾਹਿਆ ਗਿਆ ਹੈ।
ਸ੍ਰੀ ਸੌਂਦ ਨੇ ਕਿਹਾ ਕਿ ਸਰਕਾਰ ਵਲੋਂ ਹੁਨਰ ਵਿਕਾਸ ਲਈ ਕਈ ਤਰਾਂ ਦੇ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਅਧੁਨਿਕ ਤਕਨਾਲੋਜੀ ਨਾਲ ਜੋੜਨ ਅਤੇ ਕਿੱਤਾਮੁਖੀ ਸਿਖਲਾਈ ਮੁਹਈਆ ਕਰਵਾਉਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।