Saturday, November 8Malwa News
Shadow

ਜਨਤਕ-ਨਿੱਜੀ ਭਾਈਵਾਲੀ ਰਾਹੀਂ ਨਿਵੇਸ਼ ਦੇ ਨਵੇਂ ਮੌਕੇ ਸਿਰਜਣ ਲਈ ਅਤੇ ਸਥਾਈ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਿਵੇਸ਼ਕ ਸੰਮੇਲਨ ਕਰਵਾਇਆ

ਚੰਡੀਗੜ੍ਹ 26 ਅਕਤੂਬਰ 2025:– ਪੰਜਾਬ ਵਿੱਚ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਰਾਹੀਂ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਦੇ ਬੁਨਿਆਦੀ ਢਾਂਚੇ ਸਬੰਧੀ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਨਿਵੇਸ਼ਕ ਸੰਮੇਲਨ ਕਰਵਾਇਆ ਗਿਆ।

ਇਸ ਸਮਾਗਮ ਦੌਰਾਨ ਪੀ.ਆਈ.ਡੀ.ਬੀ. ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀ, ਸੰਭਾਵੀ ਪ੍ਰੋਜੈਕਟ ਨਿਵੇਸ਼ਕ ਅਤੇ ਡਿਵੈਲਪਰ ਅਤੇ ਟਰਾਂਜੈਕਸ਼ਨ ਐਡਵਾਈਜ਼ਰਾਂ ਸਮੇਤ ਪ੍ਰਮੁੱਖ ਭਾਈਵਾਲਾਂ ਨੇ ਸੰਭਾਵੀ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਪ੍ਰੋਜੈਕਟਾਂ ਦੀ ਰੂਪ-ਰੇਖਾ ਬਾਰੇ ਵਿਚਾਰ-ਚਰਚਾ ਕੀਤੀ। ਇਸ ਦਾ ਉਦੇਸ਼ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰਨਾ ਅਤੇ ਨਿੱਜੀ ਖੇਤਰ ਦੀ ਭਾਗੀਦਾਰੀ ਰਾਹੀਂ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਸਥਾਈ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ।

ਇਸ ਮੀਟਿੰਗ ਦੌਰਾਨ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਪੀ.ਪੀ.ਪੀ. ਰਾਹੀਂ ਸ਼ੁਰੂ ਕੀਤੇ ਜਾਣ ਵਾਲੇ 06 ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਪ੍ਰੋਜੈਕਟਾਂ ਬਾਰੇ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਅੰਮ੍ਰਿਤਸਰ ਵਿਖੇ ਅਰਬਨ ਰੋਪਵੇਅ ਪ੍ਰੋਜੈਕਟ, ਸਰਹਿੰਦ ਦੇ ਆਮ-ਖਾਸ ਬਾਗ ਵਿਖੇ ਵਿਰਾਸਤੀ ਹੋਟਲ, ਰੋਪੜ ਦੇ ਆਮ ਖਾਸ ਬਾਗ ਵਿਖੇ ਪਿੰਕਾਸੀਆ ਟੂਰਿਸਟ ਕੰਪਲੈਕਸ, ਕਪੂਰਥਲਾ ਦੇ ਦਰਬਾਰ ਹਾਲ ਵਿਖੇ ਵਿਰਾਸਤੀ ਹੋਟਲ, ਮੋਹਾਲੀ ਵਿਖੇ ਕਨਵੈਨਸ਼ਨ ਸੈਂਟਰ ਕਮ ਪ੍ਰਦਰਸ਼ਨੀ ਕੇਂਦਰ ਅਤੇ ਲੁਧਿਆਣਾ ਵਿਖੇ ਕਨਵੈਨਸ਼ਨ ਸੈਂਟਰ ਕਮ ਪ੍ਰਦਰਸ਼ਨੀ ਕੇਂਦਰ ਸਬੰਧੀ ਕਾਰਜ ਸ਼ੁਰੂ ਕਰਨਾ ਹੈ।

ਇਸ ਮੀਟਿੰਗ ਵਿੱਚ ਪ੍ਰੋਜੈਕਟ ਦੀਆਂ ਸੰਭਾਵਨਾਵਾਂ, ਸਮਾਂ-ਸੀਮਾਵਾਂ ਅਤੇ ਕਾਨੂੰਨੀ ਪ੍ਰਵਾਨਗੀਆਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਪੀ.ਪੀ.ਪੀ. ਫਰੇਮਵਰਕ ਬਾਰੇ ਗੱਲਬਾਤ ਕੀਤੀ ਗਈ ਜਿਸ ਵਿੱਚ ਪ੍ਰਤੀਯੋਗੀ ਬੋਲੀ ਦੇ ਢੰਗ-ਤਰੀਕੇ ਅਤੇ ਰੈਵੀਨਿਊ-ਸ਼ੇਅਰਿੰਗ ਮਾਡਲ ਸ਼ਾਮਲ ਸਨ। ਪ੍ਰੋਜੈਕਟ ਸਬੰਧੀ ਨਿਯਮਾਂ ਨੂੰ ਭਰੋਸੇਯੋਗ ਅਤੇ ਨਿਵੇਸ਼ਕ ਪੱਖੀ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਦੇ ਨਾਲ ਹੀ ਵੱਧ ਤੋਂ ਵੱਧ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਪ੍ਰੋਜੈਕਟ ਸਬੰਧੀ ਸ਼ਰਤਾਂ ਵਿੱਚ ਸੋਧ ਅਤੇ ਇਹਨਾਂ ਨੂੰ ਨਿਵੇਸ਼ਕ ਪੱਖੀ ਬਣਾਉਣ ਲਈ ਨਿਵੇਸ਼ਕਾਂ ਨੂੰ ਆਪਣੀ ਫੀਡਬੈਕ ਸਾਂਝੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

ਇਹ ਮੀਟਿੰਗ ਜਨਤਕ ਅਤੇ ਨਿੱਜੀ ਖੇਤਰਾਂ ਦਰਮਿਆਨ ਸਾਰਥਕ ਵਿਚਾਰ-ਵਟਾਂਦਰਾ ਸ਼ੁਰੂ ਕਰਨ ਲਈ ਇੱਕ ਮੰਚ ਵਜੋਂ ਕੰਮ ਕਰੇਗੀ, ਜਿਸਦਾ ਉਦੇਸ਼ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਅਤੇ ਪੰਜਾਬ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨਾ ਹੈ।

ਸੂਬਾ ਸਰਕਾਰ ਨੇ ਨਿਵੇਸ਼ਕਾਂ ਲਈ ਪਾਰਦਰਸ਼ੀ ਅਤੇ ਅਨੁਕੂਲ ਮਾਹੌਲ ਯਕੀਨੀ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਵਿਸ਼ਵ ਪੱਧਰੀ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਨਿੱਜੀ ਖੇਤਰ ਨਾਲ ਨਿਰੰਤਰ ਸਹਿਯੋਗ ਦੀ ਆਸ ਪ੍ਰਗਟਾਈ।