
ਲੁਧਿਆਣਾ, 29 ਜਨਵਰੀ : ਲੁਧਿਆਣਾ ਦੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਮਣੀਅਮ ਦੀ ਅਚੱਲ ਜਾਇਦਾਦਾਂ ਅਤੇ ਬੈਂਕ ਖਾਤਿਆਂ ਵਿੱਚ ਪਏ ਪੈਸਿਆਂ ਸਮੇਤ ਕੁੱਲ 5.58 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ (ਈ ਡੀ) ਵਲੋਂ ਚੇਅਰਮੈਨ ਰਮਨ ਬਾਲਾ ਦੇ ਕਾਰਜਕਾਲ ਦੌਰਾਨ ਹੋਏ ਘੋਟਾਲਿਆਂ ਕਾਰਨ ਇਹ ਜਾਇਦਾਦ ਕੁਰਕ ਕੀਤੀ ਗਈ ਹੈ।
ਕਰੀਬ ਤਿੰਨ ਮਹੀਨੇ ਪਹਿਲਾਂ ਮੌਜੂਦਾ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੇ ਈਡੀ ਨੂੰ ਭੇਜੇ ਗਏ ਪੱਤਰ ਵਿੱਚ ਲਿਖਿਆ ਸੀ ਕਿ ਰਮਨ ਬਾਲਾ ਸੁਬਰਮਣੀਅਮ ਦੇ ਕਾਰਜਕਾਲ ਦੌਰਾਨ ਐਲਡੀਪੀ ਯੋਜਨਾ ਤਹਿਤ ਅਲਾਟ ਕੀਤੇ ਪਲਾਟਾਂ ਵਿੱਚ ਧਾਂਦਲੀ ਦੀ ਸ਼ਿਕਾਇਤ ਕੀਤੀ ਗਈ ਸੀ। ਜਿਸ ਤੋਂ ਬਾਅਦ ਮਾਮਲੇ ਵਿੱਚ ਜਾਂਚ ਸ਼ੁਰੂ ਹੋਈ। ਪਹਿਲਾਂ ਪੰਜਾਬ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਫਿਰ ਤਿੰਨ ਮਹੀਨੇ ਪਹਿਲਾਂ ਈਡੀ ਵੀ ਇਸ ਕੇਸ ਵਿੱਚ ਐਕਸ਼ਨ ਮੋਡ ਵਿੱਚ ਆ ਗਈ।
ਪ੍ਰਵਰਤਨ ਨਿਰਦੇਸ਼ਾਲਯ (ਈਡੀ) ਜਲੰਧਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲਆਈਟੀ) ਦੇ ਤਤਕਾਲੀ ਪ੍ਰਧਾਨ ਰਮਨ ਬਾਲਾ ਸੁਬਰਮਣੀਅਮ ਨਾਲ ਸਬੰਧਤ 5.58 ਕਰੋੜ ਰੁਪਏ ਦੀ ਅਚੱਲ ਜਾਇਦਾਦ ਅਤੇ ਬੈਂਕ ਬੈਲੈਂਸ ਨੂੰ ਅਸਥਾਈ ਤੌਰ ‘ਤੇ ਕੁਰਕ ਕੀਤਾ ਹੈ। ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ ਅਤੇ ਨਿਊ ਸੀਨੀਅਰ ਸੈਕੰਡਰੀ ਸਕੂਲ ਸੁਸਾਇਟੀ ਸਰਾਭਾ ਨਗਰ, ਲੁਧਿਆਣਾ ਦੇ ਖਿਲਾਫ਼ ਧਨ ਸ਼ੋਧਨ ਨਿਵਾਰਣ ਐਕਟ (ਪੀਐਮਐਲਏ), 2002 ਦੇ ਪ੍ਰਾਵਧਾਨਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਈਡੀ ਨੇ ਸਤਰਕਤਾ ਬਿਊਰੋ ਲੁਧਿਆਣਾ ਵੱਲੋਂ ਆਈਪੀਸੀ 1860 ਅਤੇ ਭ੍ਰਿਸ਼ਟਾਚਾਰ ਨਿਵਾਰਣ ਐਕਟ 1988 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ 02 ਐਫਆਈਆਰ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਸੀ। ਈਡੀ ਦੀ ਜਾਂਚ ਤੋਂ ਪਤਾ ਲੱਗਾ ਕਿ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਨਿੱਜੀ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਵਿਅਕਤੀਆਂ ਨੂੰ ਅਨੁਕੂਲ ਪਲਾਟ ਅਲਾਟ ਕੀਤੇ। ਕੁਝ ਅਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਪਲਾਟ ਅਲਾਟ ਕੀਤੇ।
ਗੈਰ-ਨਿਰਮਾਣ ਫ਼ੀਸ ਦੀ ਗੈਰ-ਕਾਨੂੰਨੀ ਛੋਟ ਦਿੱਤੀ ਅਤੇ ਇਸ ਦੇ ਬਦਲੇ ਰਿਸ਼ਵਤ ਲੈ ਕੇ ਅਲਾਟਮੈਂਟ ਦੀਆਂ ਸ਼ਰਤਾਂ ਦੀ ਉਲੰਘਣਾ ‘ਤੇ ਕਾਰਵਾਈ ਨੂੰ ਟਾਲਿਆ। ਈਡੀ ਦੀ ਜਾਂਚ ਤੋਂ ਅੱਗੇ ਪਤਾ ਲੱਗਾ ਕਿ ਅਪਰਾਧਕ ਗਤੀਵਿਧੀਆਂ ਦੇ ਜ਼ਰੀਏ ਪੈਦਾ ਕੀਤੀ ਗਈ ਅਪਰਾਧ ਦੀ ਆਮਦਨ (ਪੀਓਸੀ) ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਗਈ ਅਤੇ ਅਚੱਲ ਜਾਇਦਾਦਾਂ ਵਿੱਚ ਨਿਵੇਸ਼ ਕੀਤੀ ਗਈ ਸੀ। ਇਸ ਤੋਂ ਪਹਿਲਾਂ 24.08.2023 ਨੂੰ ਛੇ ਥਾਵਾਂ ‘ਤੇ ਤਲਾਸ਼ੀ ਲਈ ਗਈ ਅਤੇ 1.5 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਗਈ ਸੀ।