Wednesday, February 18Malwa News
Shadow

ਆਮ ਆਦਮੀ ਕਲੀਨਿਕ ਮਰੀਜ਼ ਫੀਡਬੈਕ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਰਵੋਤਮ ਪ੍ਰਦਰਸ਼ਨ

ਹੁਸ਼ਿਆਰਪੁਰ, 18 ਫਰਵਰੀ : ਸਿਹਤ ਖੇਤਰ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹੁਸ਼ਿਆਰਪੁਰ ਜ਼ਿਲ੍ਹੇ ਨੇ ਇੱਕ ਮਹੱਤਵਪੂਰਨ ਸਥਾਨ ਹਾਸਲ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਚੰਡੀਗੜ੍ਹ ਵਿਚ ਆਯੋਜਿਤ ਸਿਵਲ ਸਰਜਨ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਦੀ ਦੋ ਦਿਨਾਂ ਕਾਨਫਰੰਸ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਆਮ ਆਦਮੀ ਕਲੀਨਿਕ ਮਰੀਜ ਫੀਡਬੈਕ ਵਿਚ ਪੂਰੇ ਪੰਜਾਬ ਵਿਚ ਵਧੀਆ ਪ੍ਰਦਰਸ਼ਨ ਦੇ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਹੁਸ਼ਿਆਰਪੁਰ ਦੇ ਐਕਟਿੰਗ ਸਿਵਲ ਸਰਜਨ ਅਤੇ ਆਮ ਆਦਮੀ ਕਲੀਨਿਕ ਦੇ ਨੋਡਲ ਅਫਸਰ ਡਾ. ਸੀਮਾ ਗਰਗ ਨੇ ਪ੍ਰਾਪਤ ਕੀਤਾ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਹਤ ਵਿਭਾਗ ਦੀ ਟੀਮ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਨਮਾਨ ਜ਼ਿਲ੍ਹੇ ਦੇ ਸਿਹਤ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਟੀਮ ਵਰਕ ਅਤੇ ਜਨਤਕ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਦੇ ਦਰਵਾਜ਼ੇ ‘ਤੇ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਜ਼ਿਲ੍ਹੇ ਦੀ ਸਮੂਹਿਕ ਮਿਹਨਤ ਦਾ ਨਤੀਜਾ ਹੈ ਅਤੇ ਭਵਿੱਖ ਵਿੱਚ ਵੀ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਯਤਨ ਜਾਰੀ ਰਹਿਣਗੇ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਸ਼ੇਸ਼ ਤੌਰ ‘ਤੇ ਐਕਟਿੰਗ ਸਿਵਲ ਸਰਜਨ ਅਤੇ ਨੋਡਲ ਅਫ਼ਸਰ ਡਾ. ਸੀਮਾ ਗਰਗ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਕੁਸ਼ਲ ਅਗਵਾਈ, ਤਾਲਮੇਲ ਯੋਗਤਾ ਅਤੇ ਸੇਵਾ ਭਾਵਨਾ ਕਾਰਨ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਡਾ. ਗਰਗ ਬਤੌਰ ਨੋਡਲ ਅਫ਼ਸਰ ਅਤੇ ਕਾਰਜਕਾਰੀ ਸਿਵਲ ਸਰਜਨ ਦੇ ਤੌਰ ‘ਤੇ ਪੂਰੀ ਲਗਨ, ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਨ, ਜੋ ਕਿ ਹੋਰ ਅਧਿਕਾਰੀਆਂ ਲਈ ਵੀ ਪ੍ਰੇਰਨਾ ਸਰੋਤ ਹੈ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੇ 74 ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਹਰੇਕ ਕਲੀਨਿਕ ਵਿੱਚ ਇੱਕ ਮੈਡੀਕਲ ਅਫਸਰ, ਫਾਰਮੇਸੀ ਅਫਸਰ, ਕਲੀਨਿਕਲ ਸਹਾਇਕ ਅਤੇ ਸਹਾਇਕ ਸਟਾਫ ਹੁੰਦਾ ਹੈ। ਇਥੇ ਜ਼ਰੂਰੀ ਟੈਸਟ ਅਤੇ 102 ਕਿਸਮਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

          ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਤੋਂ ਇਲਾਜ ਕਰਵਾਉਣ ਤੋਂ ਬਾਅਦ ਮਰੀਜ਼ਾਂ ਦਾ ਡਾਟਾ ਕਾਲ ਸੈਂਟਰ ਟੀਮ ਨਾਲ ਸਾਂਝਾ ਕੀਤਾ ਜਾਂਦਾ ਹੈ, ਜੋ ਮਰੀਜ਼ਾਂ ਨਾਲ ਸੰਪਰਕ ਕਰਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਉਨ੍ਹਾਂ ਨੂੰ ਦਵਾਈਆਂ ਮਿਲੀਆਂ ਹਨ ਜਾਂ ਨਹੀਂ, ਉਹ ਡਾਕਟਰ ਦੇ ਵਿਵਹਾਰ ਤੋਂ ਸੰਤੁਸ਼ਟ ਹਨ ਜਾਂ ਨਹੀਂ, ਜ਼ਰੂਰੀ ਟੈਸਟ ਕੀਤੇ ਗਏ ਸਨ ਜਾਂ ਨਹੀਂ ਅਤੇ ਸਫਾਈ ਪ੍ਰਣਾਲੀ ਤਸੱਲੀਬਖਸ਼ ਹੈ ਜਾਂ ਨਹੀਂ।


           ਐਕਟਿੰਗ ਸਿਵਲ ਸਰਜਨ ਅਤੇ ਆਮ ਆਦਮੀ ਕਲੀਨਿੰਗ ਦੇ ਨੋਡਲ ਅਫ਼ਸਰ ਡਾ. ਸੀਮਾ ਗਰਗ ਨੇ ਕਿਹਾ ਕਿ ਗਰਭਵਤੀ ਔਰਤਾਂ ਲਈ ਅਲਟਰਾਸਾਊਂਡ ਅਤੇ ਲੈਵਲ-2 ਸਕੈਨ ਪੈਨਲ ਵਿੱਚ ਸ਼ਾਮਲ ਅਲਟਰਾਸਾਊਂਡ ਕੇਂਦਰਾਂ ‘ਤੇ ਪੂਰੀ ਤਰ੍ਹਾਂ ਮੁਫ਼ਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।