
ਬਿਲਾਸਪੁਰ, 7 ਫਰਵਰੀ : ਹਿਮਚਾਲ ਪ੍ਰਦੇਸ਼ ਵਿਚ ਬਿਲਾਸਪੁਰ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਕੀਰਤਪੁਰ ਨੇਰਚੌਕ ਫੋਰਲੇਨ ਸਥਿਤ ਟਨਲ ਨੰਬਰ 3 ਪੱਟਾ ਵਿੱਚ ਇੱਕ ਪੰਜਾਬ ਨੰਬਰ ਦੀ ਕਾਰ ਤੋਂ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਮੌਕੇ ਤੋਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੇ ਅਨੁਸਾਰ, ਜਦੋਂ ਟੀਮ ਨੇ ਪੰਜਾਬ ਨੰਬਰ ਦੀ ਕਾਰ (PB02EM4426) ਨੂੰ ਰੋਕ ਕੇ ਤਲਾਸ਼ੀ ਲਈ, ਤਾਂ ਡੈਸ਼ਬੋਰਡ ਤੋਂ 20 ਗ੍ਰਾਮ ਹੈਰੋਇਨ ਮਿਲੀ। ਦੋਸ਼ੀਆਂ ਦੀ ਪਛਾਣ ਅੰਮ੍ਰਿਤਸਰ, ਪੰਜਾਬ ਦੇ ਗੁਮਤਾਲਾ ਖੇਤਰ ਦੇ ਰਹਿਣ ਵਾਲੇ ਰਮਨਦੀਪ ਸਿੰਘ (28), ਅਮ੍ਰਿਤਪਾਲ ਸਿੰਘ (29) ਅਤੇ ਰਾਹੁਲ (32) ਵਜੋਂ ਹੋਈ ਹੈ। ਤਿੰਨਾਂ ਖਿਲਾਫ ਸਦਰ ਥਾਣੇ ਵਿੱਚ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਏ.ਐਸ.ਪੀ. ਸ਼ਿਵਕੁਮਾਰ ਚੌਧਰੀ ਨੇ ਦੱਸਿਆ ਕਿ ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਦੋਸ਼ੀ ਨਸ਼ੀਲੇ ਪਦਾਰਥ ਕਿੱਥੋਂ ਲਿਆ ਰਹੇ ਸਨ ਅਤੇ ਇਸ ਦੀ ਸਪਲਾਈ ਕਿੱਥੇ ਕਰਨ ਵਾਲੇ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕਿਸੇ ਵੀ ਸਥਿਤੀ ਵਿੱਚ ਗੈਰਕਾਨੂੰਨੀ ਨਸ਼ੇ ਦੀ ਤਸਕਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਡੂੰਘੀ ਜਾਂਚ ਕਰ ਰਹੀ ਹੈ।