Friday, September 19Malwa News
Shadow

ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਤਤਪਰ, ਜੰਗੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ ਗਤੀਵਿਧੀਆਂ

ਮਾਲੇਰਕੋਟਲਾ, 10 ਸਤੰਬਰ –                    ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ.ਸੰਜੇ ਗੋਇਲ ਦੀ ਅਗਵਾਈ ਹੇਠ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ।

                                  ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਚਾਰ ਜ਼ੋਨਾਂ ਵਿੱਚ ਵੰਡ ਕੇ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ। ਸੀਨੀਅਰ ਮੈਡੀਕਲ ਅਫ਼ਸਰ (ਐਸ.ਡੀ.ਐਚ.) ਮਾਲੇਰਕੋਟਲਾ ਦੀ ਅਗਵਾਈ ਹੇਠ ਸ਼ਹਿਰੀ ਖੇਤਰ, ਐਸ.ਐਮ.ਓ. ਅਮਰਗੜ੍ਹ ਦੀ ਅਗਵਾਈ ਹੇਠ ਬਲਾਕ ਅਮਰਗੜ੍ਹ, ਐਸ.ਐਮ.ਓ. ਅਹਿਮਦਗੜ੍ਹ ਦੀ ਅਗਵਾਈ ਹੇਠ ਅਹਿਮਦਗੜ੍ਹ ਸ਼ਹਿਰ ਅਤੇ ਐਸ.ਐਮ.ਓ. ਪੰਜਗਰਾਈਆਂ ਦੀ ਅਗਵਾਈ ਹੇਠ ਪੇਂਡੂ ਖੇਤਰ ਵਿੱਚ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

                                         ਉਹਨਾਂ ਦੱਸਿਆ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਟੀਮਾਂ ਜਿਹਨਾਂ ਥਾਵਾਂ ’ਤੇ ਪਾਣੀ ਖੜ੍ਹਾ ਹੈ, ਉੱਥੇ ਬਰੀਡ ਚੈੱਕਰਾਂ ਰਾਹੀਂ ਮੱਛਰ ਮਾਰੂ ਦਵਾਈਆਂ ਦਾ ਛਿੜਕਾਅ ਕਰਵਾ ਰਹੀਆਂ ਹਨ। ਇਸ ਤੋਂ ਇਲਾਵਾ, ਚਾਰੇ ਜ਼ੋਨਾਂ ਵਿੱਚ ਪਾਣੀ ਦੇ ਸੈਂਪਲ ਭਰਨ ਦੀ ਪ੍ਰਕਿਰਿਆ ਵੀ ਲਗਾਤਾਰ ਜਾਰੀ ਹੈ।

                     ਡਾ. ਮੁਨੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤੀ ਮੌਸਮ ਵਿੱਚ ਆਪਣੇ ਘਰਾਂ ਜਾਂ ਆਸ-ਪਾਸ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ । ਜਿੱਥੇ ਪਾਣੀ ਖੜ੍ਹਾ ਹੋਵੇ, ਉੱਥੇ ਕਾਲਾ ਤੇਲ ਪਾਇਆ ਜਾ ਸਕਦਾ ਹੈ ਤਾਂ ਜੋ ਮੱਛਰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਵਾਧੂ ਬਰਤਨਾਂ, ਕੂਲਰਾਂ ਜਾਂ ਟੈਂਕੀਆਂ ਵਿੱਚੋਂ ਪਾਣੀ ਖਾਲੀ ਰੱਖਿਆ ਜਾਵੇ ਅਤੇ ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ ਦੇ ਨਾਲ- ਨਾਲ ਮੱਛਰ ਮਾਰੂ ਦਵਾਈਆਂ ਦੀ ਵਰਤੋਂ ਕਰਨੀ ਚਾਹੀਂਦੀ ਹੈ ।

                   ਉਹਨਾਂ ਹੋਰ ਕਿਹਾ ਕਿ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਪੀਣ ਵਾਲੇ ਪਾਣੀ ਨੂੰ ਹਮੇਸ਼ਾ ਢੱਕ ਕੇ ਰੱਖਿਆ ਜਾਵੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਬਰਸਾਤ ਦਾ ਪਾਣੀ ਨਾ ਜਾਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪਾਣੀ ਨੂੰ ਉਬਾਲ ਕੇ ਪੀਣਾ ਸਭ ਤੋਂ ਸੁਰੱਖਿਅਤ ਹੈ, ਪਰਤੂੰ ਜੇਕਰ ਇਹ ਸੰਭਵ ਨਾ ਹੋਵੇ ਤਾਂ ਕਲੋਰੀਨ ਗੋਲੀਆਂ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਜ਼ਿਲ੍ਹੇ ਦੇ ਹਰ ਵਾਸੀ ਨੂੰ ਸਿਹਤਮੰਦ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।