Thursday, January 15Malwa News
Shadow

ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਕਰ ਕੇ ਮਨਾਈ ਧੀਆਂ ਦੀ ਲੋਹੜੀ

ਫ਼ਿਰੋਜ਼ਪੁਰ, 13 ਜਨਵਰੀ (            ) : ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਖਿਲ ਗੁਪਤਾ ਦੀ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਸਿਵਲ ਹਸਪਤਾਲ਼, ਫ਼ਿਰੋਜ਼ਪੁਰ ਵਿਖੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਧੀਆਂ ਦੀਆਂ ਲੋਹੜੀ ਮਨਾਈ ਗਈ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸਿਵਲ ਸਰਜਨ ਡਾ ਰਾਜੀਵ ਪਰਾਸ਼ਰ ਸ਼ਾਮਿਲ ਹੋਏ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਮਨਦੀਪ ਕੌਰ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮਿਨਾਕਸ਼ੀ ਅਬਰੋਲ ਵੀ ਸ਼ਾਮਲ ਹੋਏ। ਇਸ ਸਮਾਗਮ ਦੌਰਾਨ ਧੀਆਂ ਵਲੋਂ ਗਿੱਧਾ ਪਾ ਕੇ ਅਤੇ ਗੀਤਾਂ ਰਾਹੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਸੁਨੇਹਾ ਦਿੱਤਾ ਗਿਆ

           ਸਮਾਗਮ ਦੌਰਾਨ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵੱਲੋਂ ਸਿਵਲ ਹਸਪਤਾਲ ਵਿੱਚ ਪੈਦਾ ਹੋਈਆਂ ਨਵਜੰਮੀਆਂ ਬੱਚੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਅਤੇ ਮੂੰਗਫਲੀ ਅਤੇ ਰਿਊੜੀਆਂ ਵੰਡ ਕੇ ਬੱਚਿਆਂ ਅਤੇ ਮਾਪਿਆਂ ਨਾਲ ਲੋਹੜੀ ਮਨਾਈ ਗਈ। ਉਹਨਾਂ ਵਲੋਂ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚੀਆਂ ਦੀ ਤੰਦਰੁਸਤੀ ਅਤੇ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ। 

           ਸਿਵਲ ਸਰਜਨ ਡਾ ਰਾਜੀਵ ਪਰਾਸ਼ਰ ਨੇ ਇਸ ਮੋਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਲੜਕੀਆਂ ਅਤੇ ਲੜਕਿਆਂ ਵਿੱਚ ਕਈ ਵੀ ਅੰਤਰ ਨਹੀਂ ਸਮਝਣਾ ਚਾਹੀਦਾ। ਲੜਕੀਆਂ ਦਾ ਪਾਲਣ ਪੋਸ਼ਣ ਅਤੇ ਵਿੱਦਿਆ ਲੜਕਿਆਂ ਦੇ ਬਰਾਬਰ ਹੀ ਕਰਵਾਉਣੀ ਚਾਹੀਦੀ ਹੈ। ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ ਹਨ, ਬਸ਼ਰਤੇ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਮਾਪੇ ਲੜਕੀਆਂ ਨੂੰ ਬੋਝ ਨਾ ਸਮਝ ਕੇ ਸੁੰਦਰ ਦੁਨੀਆਂ ਦੇਖਣ ਦਾ ਮੌਕਾ ਜ਼ਰੂਰ ਦੇਣ।

           ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਨੀਖਿਲ ਗੁਪਤਾ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੀ ਅਨੁਪਾਤ ਵਿੱਚ ਵਾਧਾ ਹੋਇਆ ਹੈ। ਜੇਕਰ ਕੋਈ ਵਿਅਕਤੀ ਲਿੰਗ ਟੈਸਟ ਜਾਂ ਬੱਚੀ ਭਰੂਣ ਹੱਤਿਆ ਕਰਨ ਵਾਲੇ, ਕਰਵਾਉਣ ਵਾਲੇ ਜਾਂ ਇਸ ਵਿੱਚ ਸਹਿਯੋਗ ਦੇਣ ਵਾਲੇ ਵਿਅਕਤੀਆਂ ਸਬੰਧੀ ਸੂਚਨਾ ਦਿੰਦਾ ਹੈ ਅਤੇ ਦੋਸ਼ੀ ਪਕੜੇ ਜਾਂਦੇ ਹਨ ਤਾਂ ਪੰਜਾਬ ਸਰਕਾਰ ਵੱਲੋਂ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦਿੱਤਾ ਜਾਂਦਾ ਹੈ।

           ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਸਮਾਗਮ ਵਿੱਚ ਸ਼ਾਮਲ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਵਿੱਚ ਦਹੇਜ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨਾ ਚਾਹੀਦਾ ਹੈ। ਸਾਨੂੰ ਲੜਕਿਆਂ ਨੂੰ ਵੀ ਕੁੜੀਆਂ ਦੀ ਇੱਜ਼ਤ ਕਰਨ ਲਈ ਸਮਝਾਉਣਾ ਚਾਹੀਦਾ ਹੈ।

      ਇਸ ਸਮਾਰੋਹ ਨੂੰ ਸਫ਼ਲ ਕਰਨ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਬਾਕੀ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ।