Saturday, November 9Malwa News
Shadow

ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਲਗਾਤਾਰ ਕਰ ਰਹੀ ਹੈ ਤੰਗ – ਹਰਚੰਦ ਸਿੰਘ ਬਰਸਟ

 ਚੰਡੀਗੜ੍ਹ, 29 ਅਕਤੂਬਰ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅਨਾਜ ਦੀ ਧੀਮੀ ਲਿਫਟਿੰਗ ਕਾਰਨ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ।

ਬਰਸਟ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਹੀ ਹੈ।  ਕੇਂਦਰ ਸ਼ੈਲਰ ਮਾਲਕਾਂ ਦੀਆਂ ਮੰਗਾਂ ਨਹੀਂ ਸੁਣ ਰਿਹਾ ਅਤੇ ਪੰਜਾਬ ਦੀਆਂ ਮੰਡੀਆਂ ਵਿੱਚ ਪਿਆ ਲੱਖਾਂ ਟਨ ਅਨਾਜ ਚੁੱਕਣ ਤੋਂ ਇਨਕਾਰ ਕਰ ਰਿਹਾ ਹੈ।  ਇਸ ਕਾਰਨ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦਾ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਬਦਲੇ ਦੀ ਹੈ। ਉਹ ਜਾਣਬੁੱਝ ਕੇ ਧੀਮੀ ਲਿਫਟਿੰਗ ਕਰ ਰਹੀ ਹੈ ਤਾਂ ਜੋ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ।  ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਦਾ ਬਦਲਾ ਪੰਜਾਬ ਦੇ ਕਿਸਾਨਾਂ ਤੋਂ ਲੈ ਰਹੀ ਹੈ।  ਇਹ ਅਤਿ ਨਿੰਦਣਯੋਗ ਹੈ।

ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਬੁੱਧਵਾਰ (30 ਅਕਤੂਬਰ) ਨੂੰ ਪੰਜਾਬ ਭਾਜਪਾ ਦਫ਼ਤਰ (ਚੰਡੀਗੜ੍ਹ, ਸੈਕਟਰ-37) ਅੱਗੇ ਕੇਂਦਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰੇਗੀ।

ਬਰਸਟ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਲਕੇ ਸਵੇਰੇ 11:00 ਵਜੇ ਸੈਕਟਰ-37 ਸਥਿਤ ਬੱਤਰਾ ਥੀਏਟਰ ਨੇੜੇ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਬੱਤਰਾ ਥੀਏਟਰ ਤੋਂ ਸਾਰੇ ਲੋਕ ਭਾਜਪਾ ਦਫ਼ਤਰ ਵੱਲ ਮਾਰਚ ਕਰਨਗੇ ਅਤੇ ਰੋਸ ਪ੍ਰਦਰਸ਼ਨ ਰਾਹੀਂ ਕੇਂਦਰ ਸਰਕਾਰ ਤੱਕ ਆਪਣਾ ਸੁਨੇਹਾ ਪਹੁੰਚਾਉਣਗੇ।