Sunday, October 4Malwa News
Shadow

ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਪਰਤੀ ਹਾਕੀ ਖਿਡਾਰਨ ਬਲਜੀਤ ਕੌਰ ਦਾ ਸ਼ਾਨਦਾਰ ਸਵਾਗਤ

ਤਰਨ ਤਾਰਨ, 4 ਅਕਤੂਬਰ :         ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਪਰਤੀ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਬਲਜੀਤ ਕੌਰ ਦਾ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਦੀ ਤਰਫੋਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ, ਕੋਚ ਸ਼ਰਨਜੀਤ ਸਿੰਘ ਤੇ ਦਵਿੰਦਰ ਸਿੰਘ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਬਲਜੀਤ ਕੌਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਖੇਡ ਪ੍ਰੇਮੀ ਅਤੇ ਇਲਾਕਾ ਵਾਸੀ ਵੀ ਵੱਡੀ ਗਿਣਤੀ ਵਿੱਚ ਸਵਾਗਤ ਲਈ ਪਹੁੰਚੇ। ਇਸ ਦੌਰਾਨ ਫੁੱਲਾਂ ਦੀ ਵਰਖਾ ਹੋਈ ਅਤੇ ਢੋਲ ਦੇ ਡਗੇ ‘ਤੇ ਭੰਗੜੇ ਵੀ ਪਾਏ ਗਏ।

ਜਾਪਾਨ ਦੇ ਆਈਚੀ ਨਾਗੋਆ ਵਿਖੇ ਹੋਈਆਂ 20ਵੀਆਂ ਏਸ਼ਿਆਈ ਖੇਡਾਂ ਦੇ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ ਮਾਤ ਦੇ ਕੇ ਚੈਂਪੀਅਨ ਬਣੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਬਲਜੀਤ ਕੌਰ ਪੰਜਾਬ ਦੀ ਇਕਲੌਤੀ ਖਿਡਾਰਨ ਸੀ।

ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ‘ਇਸ ਮੌਕੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਤਰਨ ਤਾਰਨ ਦੇ ਛੋਟੇ ਜਿਹੇ ਪਿੰਡ ਕੱਕਾ ਕੰਡਿਆਲਾ ਦੀ ਇਸ ਹੋਣਹਾਰ ਧੀ ਬਲਜੀਤ ਕੌਰ ਨੇ ਇਤਿਹਾਸ ਰਚਦਿਆਂ ਆਪਣੇ ਮਾਪਿਆਂ, ਪਿੰਡ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਹੋਰਨਾਂ ਧੀਆਂ ਨੂੰ ਵੀ ਬਲਜੀਤ ਕੌਰ ਤੋਂ ਪ੍ਰੇਰਨਾ ਲੈ ਕੇ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਦਾ ਸੁਨੇਹਾ ਦਿੱਤਾ।

ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ 44 ਸਾਲਾਂ ਬਾਅਦ ਸੋਨ ਤਗਮਾ ਜਿੱਤਿਆ ਹੈ। ਇਸ ਤਰ੍ਹਾਂ ਟੀਮ ਨੇ 2028 ਵਿੱਚ ਹੋਣ ਵਾਲੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸਿੱਧੀ ਯੋਗਤਾ ਹਾਸਲ ਕਰ ਲਈ ਹੈ।