Monday, November 4Malwa News
Shadow

ਗੋਲਡੀ ਬਰਾੜ ਨੂੰ ਕੈਨੇਡਾ ‘ਚ ਕਰ ਲਿਆ ਗ੍ਰਿਫਤਾਰ ? ਹਾਈ ਕਮਿਸ਼ਨ ਨੇ ਕੀਤੇ ਵੱਡੇ ਖੁਲਾਸੇ

ਨਵੀਂ ਦਿੱਲੀ 25 ਅਕਤੂਬਰ : ਕੈਨੇਡਾ ਵਿਚ ਰਹਿ ਰਹੇ ਮਸ਼ਹੂਰ ਗੈਂਗਸਟਰ ਗੋਲਡੀ ਬਰਾੜ ਬਾਰੇ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਕੈਨੇਡਾ ਤੋਂ ਵਾਪਸ ਬੁਲਾਏ ਗਏ ਭਾਰਤੀ ਰਾਜਦੂਤ ਸੰਜੇ ਵਰਮਾਂ ਨੇ ਦੱਸਿਆ ਕਿ ਕੈਨੇਡਾ ਸਰਕਾਰ ਨੇ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਿਛਲੇ ਦਿਨੀਂ ਭਾਰਤ ਅਤੇ ਕੈਨੇਡਾ ਵਿਚਕਾਰ ਪੈਦਾ ਹੋਈ ਤਲਖੀ ਦੌਰਾਨ ਭਾਰਤ ਨੇ ਆਪਣੇ 6 ਰਾਜਦੂਤ ਵਾਪਸ ਬੁਲਾ ਲਏ ਸਨ। ਇਨ੍ਹਾਂ ਵਾਪਸ ਬੁਲਾਏ ਗਏ ਰਾਜਦੂਤਾਂ ਵਿਚੋਂ ਇਕ ਰਾਜਦੂਤ ਸੰਜੇ ਵਰਮਾਂ ਨੇ ਨਿਊਜ਼ ਏਜੰਸੀ ਪੀ.ਟੀ.ਆਈ. ਨਾਲ ਇੰਟਰਵਿਊ ਦੌਰਾਨ ਬਹੁਤ ਹੀ ਹੈਰਾਨੀਜਨਕ ਖੁਲਾਸੇ ਕੀਤੇ ਹਨ। ਸੰਜੇ ਵਰਮਾ ਨੇ ਦੱਸਿਆ ਕਿ ਜਦੋਂ ਪੰਜਾਬ ਵਿਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਅਤੇ ਇਸ ਕਤਲ ਦੀ ਜੁੰਮੇਵਾਰੀ ਜੇਲ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ ਤਾਂ ਗੋਲਡੀ ਬਰਾੜ ਦਾ ਨਾਮ ਬਹੁਤ ਚਰਚਾ ਵਿਚ ਆਇਆ। ਇਸ ਦੌਰਾਨ ਪਾਤ ਲੱਗਾ ਕਿ ਗੋਲਡੀ ਬਰਾੜ ਕੈਨੇਡਾ ਵਿਚ ਰਹਿ ਕੇ ਲਾਰੈਂਸ ਬਿਸ਼ਨੋਈ ਦਾ ਸਾਰਾ ਨੈਟਵਰਕ ਚਲਾ ਰਿਹਾ ਹੈ। ਉਸ ਮੌਕੇ ਭਾਰਤ ਸਰਕਾਰ ਵਲੋਂ ਕੈਨੇਡਾ ਸਰਕਾਰ ਨੂੰ ਗੋਲਡੀ ਬਰਾੜ ਖਿਲਾਫ ਕਾਰਵਾਈ ਲਈ ਲਿਖਿਆ ਗਿਆ। ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਗੋਲਡੀ ਬਰਾੜ ਦਾ ਨਾਮ ‘ਮੋਸਟ ਵਾਂਟਡ’ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕਰ ਦਿੱਤਾ ਸੀ।
ਭਾਰਤ ਦੇ ਰਾਜਦੂਤ ਸੰਜੇ ਵਰਮਾਂ ਨੇ ਦੱਸਿਆ ਕਿ ਹੁਣ ਇਕਦਮ ਪਤਾ ਲੱਗਾ ਹੈ ਕਿ ਕੈਨੇਡਾ ਸਰਕਾਰ ਨੇ ਗੋਲਡੀ ਬਰਾੜ ਦਾ ਨਾਮ ਮੋਸਟ ਵਾਂਟਡ (ਲੋੜੀਂਦੇ ਅਪਰਾਧੀਆਂ) ਦੀ ਲਿਸਟ ਵਿਚੋਂ ਕੱਢ ਦਿੱਤਾ ਗਿਆ ਹੈ। ਸੰਜੇ ਵਰਮਾਂ ਅਨੁਸਾਰ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਜਾਂ ਤਾਂ ਕੈਨੇਡਾ ਦੀ ਪੁਲੀਸ ਨੇ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਂ ਫਿਰ ਉਸਦੇ ਅਪਰਾਧਿਕ ਰਿਕਾਰਡ ਨੂੰ ਕਲੀਨ ਚਿਟ ਦੇ ਦਿੱਤੀ ਗਈ ਹੈ। ਸੰਜੇ ਵਰਮਾਂ ਨੇ ਕਿਹਾ ਕਿ ਇਸ ਸਬੰਧੀ ਕੈਨੇਡਾ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਗੋਲਡੀ ਬਰਾੜ ਦਾ ਨਾਮ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿਚੋਂ ਕਿਉਂ ਕੱਢਿਆ ਗਿਆ ਹੈ। ਜੇਕਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਵੀ ਦੱਸਣਾ ਚਾਹੀਦਾ ਹੈ ਅਤੇ ਜੇਕਰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਉਸਦਾ ਨਾਮ ਅਪਰਾਧੀਆਂ ਦੀ ਸੂਚੀ ਵਿਚੋਂ ਕਿਉਂ ਕੱਢਿਆ ਗਿਆ? ਇਸ ਬਾਰੇ ਸਪਸ਼ਟ ਕਰਨਾ ਚਾਹੀਦਾ ਹੈ।
ਇਸ ਤਰਾਂ ਭਾਰਤ ਦੇ ਰਾਜਦੂਤ ਦੇ ਇਸ ਬਿਆਨ ਨਾਲ ਗੋਲਡੀ ਬਰਾੜੇ ਮੁੜ ਤੋਂ ਚਰਚਾ ਸ਼ੁਰੂ ਹੋ ਗਈ ਹੈ ਕਿ ਗੋਲਡੀ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਹੀਂ। ਇਥੇ ਜਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਗੋਲਡੀ ਬਰਾੜ ਦੀ ਗ੍ਰਿਫਤਾਰ ਦੀ ਅਫਵਾਹ ਫੈਲੀ ਸੀ। ਪਰ ਬਾਅਦ ਵਿਚ ਪਤਾ ਲੱਗਾ ਸੀ ਕਿ ਗੋਲਡੀ ਬਰਾੜ ਅਮਰੀਕਾ ਚਲਾ ਗਿਆ ਹੋਵੇਗਾ। ਪਰ ਅਜੇ ਤੱਕ ਇਸ ਸਬੰਧੀ ਕੋਈ ਵੀ ਪੁਖਤਾ ਜਾਣਕਾਰੀ ਹਾਸਲ ਨਹੀਂ ਹੋਈ। ਹੁਣ ਫੇਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਬਾਰੇ ਚਰਚਾ ਹੋਣ ਲੱਗੀ ਹੈ।