
ਦਬਈ : ਵਿਆਹ ਤੋਂ ਪਿਛੋਂ ਵਿਆਹੁਤਾ ਜੋੜੀ ਦੀ ਚੰਗੀ ਸਿਹਤ ਨੂੰ ਲੈ ਕੇ ਯੂ ਏ ਈ ਸਰਕਾਰ ਨੇ ਇਕ ਵੱਡਾ ਫੈਸਲਾ ਕੀਤਾ ਹੈ। ਹੁਣ ਵਿਆਹ ਤੋਂ ਪਹਿਲਾਂ ਜੋੜੀ ਨੂੰ ਪ੍ਰੀਮੈਰੀਟਲ ਜੈਨੇਟਿਕ ਟੈਸਟਿੰਗ ਕਰਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਆਬੂ ਧਾਬੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਗਲੀਆਂ ਪੀੜ੍ਹੀਆਂ ਦੀ ਮਜਬੂਤੀ ਲਈ ਵਿਆਹ ਕਰਵਾਉਣ ਵਾਲੇ ਹਰ ਜੋੋੜੇ ਨੂੰ ਜੈਨੇਟਿਕ ਟੈਸਟ ਕਰਵਾਉਣਾ ਜਰੂਰੀ ਹੋਵੇਗਾ।
ਆਬੂ ਧਾਬੀ ਸਰਕਾਰ ਨੇ ਨਵੀਂ ਪੀੜ੍ਹੀ ਨੂੰ ਸਿਹਤਮੰਦ ਬਣਾਉਣ ਅਤੇ ਚੰਗੇ ਭਵਿੱਖ ਦੀ ਸਿਰਜਣਾ ਲਈ ਸਿਹਤ ਮਾਹਿਰਾਂ ਦੀ ਕਮੇਟੀ ਬਣਾਈ ਸੀ। ਇਸ ਕਮੇਟੀ ਦੀ ਸਿਫਾਰਿਸ਼ ਦੇ ਆਧਾਰ ਤੇ ਫੈਸਲਾ ਕੀਤਾ ਹੈ ਕਿ ਵਿਆਹ ਤੋਂ ਪਹਿਲਾਂ ਪਤੀ ਪਤਨੀ ਦਾ ਜੈਨੇਟਿਕ ਟੈਸਿਟ ਕਰਵਾਉਣਾ ਜਰੂਰੀ ਹੈ। ਜੇਕਰ ਦੋਵੇਂ ਪਤੀ ਪਤਨੀ ਜੈਨੇਟੀਕਲੀ ਠੀਕ ਹੋਣ ਤਾਂ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਵੀ ਵਧੀਆ ਰਹੇਗੀ। ਜੇਕਰ ਲੜਕੀ ਲੜਕੇ ਵਿਚੋਂ ਇਕ ਨੂੰ ਵੀ ਕੋਈ ਜੈਨੇਟੀਕਲੀ ਸਮੱਸਿਆ ਹੋਵੇ ਤਾਂ ਉਨ੍ਹਾਂ ਦੇ ਬੱਚਿਆਂ ਵਿਚ ਕੋਈ ਨਾ ਕੋਈ ਜੈਨੇਟਿਕ ਡਿਸਆਰਡਰ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।
ਸਿਹਤ ਮਾਹਿਰਾਂ ਅਨੁਸਾਰ ਅੱਜਕੱਲ੍ਹ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ ਜੋ ਆਪਣੇ ਮਾਤਾ ਪਿਤਾ ਤੋਂ ਬੱਚਿਆਂ ਵਿਚ ਆਉਂਦੀਆਂ ਹਨ। ਜਦੋਂ ਕੋਈ ਬਿਮਾਰੀ ਜ਼ੀਨਜ਼ ਵਿਚ ਚਲੀ ਜਾਵੇ ਤਾਂ ਉਹ ਬਿਮਾਰੀ ਅੱਗੇ ਬੱਚਿਆਂ ਦਾ ਵੀ ਖਹਿੜਾ ਨਹੀਂ ਛੱਡਦੀ। ਕਈ ਮਾਮਲਿਆਂ ਵਿਚ ਤਾਂ ਅਜਿਹੀਆਂ ਖਤਰਨਾਕ ਬਿਮਾਰੀਆਂ ਦਾ ਇਲਾਜ਼ ਵੀ ਸੰਭਵ ਨਹੀਂ ਹੁੰਦਾ। ਕਈ ਤਾਂ ਅਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਜਿਸ ਨਾਲ ਬੱਚੇ ਦੀ ਜਵਾਨੀ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ।ਇਸੇ ਤਰਾਂ ਬੱਚੇ ਦਾ ਰੰਗ, ਰੂਪ, ਬਣਾਵਟ, ਆਦਤਾਂ ਅਤੇ ਬਹੇਵੀਅਰ ਵੀ ਮਾਪਿਆਂ ਦੇ ਜ਼ੀਨਜ਼ ‘ਤੇ ਹੀ ਆਧਾਰਿਤ ਹੁੰਦਾ ਹੈ। ਇਸ ਲਈ ਸਰਕਾਰ ਨੇ ਅਜੇ ਇਹ ਹੀ ਐਲਾਨ ਕੀਤਾ ਹੈ ਕਿ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਦੋਵਾਂ ਦਾ ਜੈਨੇਟਿਕ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਬਾਅਦ ਦੇਖਣਾ ਇਹ ਹੈ ਕਿ ਲੜਕੇ ਲੜਕੀ ਵਿਚੋਂ ਜੇਕਰ ਇਕ ਨੂੰ ਕੋਈ ਜੈਨੇਟਿਕ ਸਮੱਸਿਆ ਹੋਵੇ ਤਾਂ ਉਸ ਸਬੰਧੀ ਕੀ ਫੈਸਲਾ ਲਿਆ ਜਾਵੇਗਾ।