Friday, January 23Malwa News
Shadow

‘ਗੈਂਗਸਟਰਾਂ ’ਤੇ ਵਾਰ’ ਦਾ ਚੌਥਾ ਦਿਨ: ਪੰਜਾਬ ਪੁਲਿਸ ਨੇ ਵਿਸ਼ੇਸ਼ ਕਾਰਵਾਈ ਦੌਰਾਨ 8328 ਕਿਰਾਏਦਾਰਾਂ ਦੀ ਕੀਤੀ ਜਾਂਚ ; 132 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ

ਚੰਡੀਗੜ੍ਹ, 23 ਜਨਵਰੀ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਫੈਸਲਾਕੁੰਨ ਮੁਹਿੰਮ ‘ਗੈਂਗਸਟਰਾਂ ਤੇ ਵਾਰ’ ਦੇ ਚੌਥੇ ਦਿਨ , ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਸੂਬੇ ਭਰ ਦੇ ਉਪ-ਸ਼ਹਿਰੀ ਖੇਤਰਾਂ ਅਤੇ ਸ਼ਹਿਰਾਂ ਅਤੇ ਕਸਬਿਆਂ ਦੇ ਬਾਹਰਵਾਰ ਸਥਾਪਿਤ ਕਲੋਨੀਆਂ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਦੀ ਪਛਾਣ ਕਰਨ ਅਤੇ ਪਿਛੋਕੜ ਦੀ ਪੁਸ਼ਟੀ ਕਰਨ ਲਈ  ਸੂਬਾ ਪੱਧਰੀ ਮੁਹਿੰਮ ਚਲਾਈ।

ਇਹ ਕਾਰਵਾਈ 72 ਘੰਟਿਆਂ ਦੇ ‘ਆਪ੍ਰੇਸ਼ਨ ਪ੍ਰਹਾਰ’, ਜੋ ਮੰਗਲਵਾਰ ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ ਹਿੱਸੇ  ਵਜੋਂ ਸ਼ੁਰੂ ਕੀਤਾ ਸੀ, ਦੇ ਮੁਕੰਮਲ ਹੋਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ ।  ਆਪ੍ਰੇਸ਼ਨ ਪ੍ਰਹਾਰ ਤਹਿਤ 12,000 ਕਰਮਚਾਰੀਆਂ ਦੀ ਨਫ਼ਰੀ ਵਾਲੀਆਂ 2000 ਤੋਂ ਵੱਧ ਪੁਲਿਸ ਟੀਮਾਂ ਨੂੰ ਪੰਜਾਬ ਭਰ ਵਿੱਚ 60 ਵਿਦੇਸ਼ੀ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ ਟਿਕਾਣਿਆਂ ’ਤੇ ਛਾਪੇਮਾਰੀ ਕਰਨ ਲਈ ਸੂਬੇ ਭਰ ਵਿੱਚ ਤਾਇਨਾਤ ਕੀਤਾ ਗਿਆ ਸੀ।

ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦਾ ਉਦੇਸ਼ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਸਮਾਜ ਵਿਰੋਧੀ ਅਨਸਰਾਂ ਵਿੱਚ ਖ਼ੌਫ ਪੈਦਾ ਕਰਨ ਲਈ ਖੇਤਰ ਵਿੱਚ ਪੁਲਿਸ ਫੋਰਸ ਦੀ ਮੌਜੂਦਗੀ ਨੂੰ ਵਧਾਉਣਾ ਸੀ।

ਇਹ ਕਾਰਵਾਈ ਸੂਬੇ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਇੱਕੋ ਸਮੇਂ ਚਲਾਈ ਗਈ ਅਤੇ ਸੀਪੀ/ਐਸਐਸਪੀ ਨੂੰ ਪੁਲਿਸ ਫੋਰਸ ਦੀ ਭਾਰੀ ਤਾਇਨਾਤੀ ਦੇ ਨਾਲ ਇਸ ਕਾਰਵਾਈ ਦੀ ਯੋਜਨਾ ਉਲੀਕਣ ਦੇ ਨਿਰਦੇਸ਼ ਦਿੱਤੇ ਗਏ ਸਨ। ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ 2500 ਪੁਲਿਸ ਕਰਮਚਾਰੀਆਂ ਦੀ ਨਫ਼ਰੀ ਵਾਲੀਆਂ 815 ਤੋਂ ਵੱਧ ਪੁਲਿਸ ਟੀਮਾਂ ਨੇ ਇਹ ਕਾਰਵਾਈ ਕੀਤੀ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਰਾਜ ਭਰ ਵਿੱਚ 1043 ਥਾਵਾਂ ਦੀ ਜਾਂਚ ਕੀਤੀ ਗਈ। ਇਸ ਕਾਰਵਾਈ ਦੌਰਾਨ 8328 ਕਿਰਾਏਦਾਰਾਂ ਦੀ ਚੈਕਿੰਗ ਕੀਤੀ ਗਈ ਅਤੇ 7815 ਵਿਅਕਤੀਆਂ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਸ ਦੌਰਾਨ 132 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਕਈਆਂ ਦੇ ਕਬਜ਼ੇ ਵਿੱਚੋਂ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ, ਜਿਸਦੀ ਅਗਲੇਰੀ ਜਾਂਚ ਜਾਰੀ ਹੈ।

ਸਪੈਸ਼ਲ ਡੀਜੀਪੀ ਨੇ ਪੁਸ਼ਟੀ ਕੀਤੀ ਕਿ ’ਗੈਂਗਸਟਰਾਂ ਤੇ ਵਾਰ’ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਗੈਂਗਸਟਰਾਂ ਤੋਂ ਮੁਕਤ ਨਹੀਂ ਹੋ ਜਾਂਦਾ।

ਉਨ੍ਹਾਂ ਕਿਹਾ ਕਿ ਕੋਈ ਵੀ ਨਾਗਰਿਕ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ/ਗੈਂਗਸਟਰਾਂ ਬਾਰੇ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ—93946-93946 ਰਾਹੀਂ ਰਿਪੋਰਟ ਕਰ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ/ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਦਿੱਤੀ ਗੈਂਗਸਟਰਾਂ  ਦੀ ਜਾਣਕਾਰੀ ਦੇ ਅਧਾਰ ਤੇ ਜੇਕਰ ਕੋਈ ਗ੍ਰਿਫਤਾਰੀ ਹੁੰਦੀ ਹੈ ਤਾਂ 10 ਲੱਖ ਰੁਪਏ ਤੱਕ ਦਾ ਇਨਾਮ ਵੀ ਦਿੱਤਾ ਜਾਵੇਗਾ।