
ਫਰੀਦਕੋਟ, 21 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ “ ਦੇ ਅਧੀਨ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਰੀਦਕੋਟ ਡਾ ਚੰਦਰ ਸ਼ੇਖਕ ਕੱਕੜ ਦੀ ਅਗਵਾਈ ਹੇਠ ਪੁਲੀਸ ਵਿਭਾਗ ਦੇ ਸਹਿਯੋਗ ਨਾਲ ਜਿਲ੍ਹੇ ਅੰਦਰ ਚੱਲ ਰਹੇ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਪਿੰਡ ਪੰਜਗਰਾਈ ਕਲਾ ਵਿਖੇ ਚੱਲ ਰਹੇ ਅਣ ਅਧਿਕਾਰਤ ਨਸ਼ਾ ਛੁਡਾਊ ਕੇਂਦਰ ਨੂੰ ਜਿਲ੍ਹਾ ਪ੍ਰਸ਼ਾਸ਼ਨ, ਪੁਲੀਸ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸੀਲ ਕੀਤਾ ਗਿਆ ਅਤੇ ਇੱਥੇ ਦਾਖਲ 07?ਮਰੀਜਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਹੁਣ ਤੱਕ ਜਿਲ੍ਹੇ ਵਿੱਚ ਚੱਲ ਰਹੇ 6 ਅਣਾਧਿਕਾਰਤ ਨਸ਼ਾ ਛੁਡਾਊ ਕੇਂਦਰਾਂ ਨੂੰ ਸੀਲ ਕੀਤਾ ਗਿਆ ਹੈ। ਜਿਸ ਵਿੱਚ ਅੱਜ ਪਿੰਡ ਪੰਜਗਰਾਈਂ ਕਲਾ ਵਿੱਚ ਐਸਐਮਓ ਜੈਤੋ ਡਾ. ਵਰਿੰਦਰ ਕੁਮਾਰ,ਨਾਇਬ ਤਹਿਸੀਲਦਾਰ ਮੱਖਣ ਸਿੰਘ,ਡੀ.ਐਸ.ਪੀ ਜੈਤੋ ਸੁਖਦੀਪ ਸਿੰਘ ਦੇ ਆਧਾਰਿਤ ਟੀਮ ਵੱਲੋਂ ਗੁਰਮਿਤ ਸਿਖਲਾਈ ਦੀ ਆੜ ਵਿਚ ਪਿੰਡ ਪੰਜਗਰਾਈ ਕਲਾਂ ਵਿਚ ਕਿਰਾਏ ਦੇ ਘਰ ਵਿਚ ਚਲਾਏ ਜਾ ਰਹੇ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕੀਤਾ ਗਿਆ ਹੈ ਤੇ 7 ਮਰੀਜਾਂ ਨੂੰ ਰੈਸਕਿਯੂ ਕਰਕੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਭਾਰਤੀ ਕਰਵਾਇਆ ਗਿਆ ਹੈ।। ਇਸ ਤੋਂ ਪਹਿਲਾਂ ਏਕ ਜਰੀਆ ਫਾਉਂਡੇਸ਼ਨ ਵੈਲਫੇਅਰ ਸੁਸਾਇਟੀ ਸਾਦਿਕ ਰੋਡ ਫਰੀਦਕੋਟ , ਨਿਊ ਲਾਈਫ ਯੂਥ ਫਾਊਂਡੇਸ਼ਨ ਵੈਲਫੇਅਰ ਸੁਸਾਇਟੀ ਪਿੰਡ ਗੋਲੇਵਾਲਾ, ਹੋਪ ਯੂਥ ਫਾਉਂਡੇਸ਼ਨ ਨਸ਼ਾ ਮੁਕਤੀ ਵੈਲਫੇਅਰ ਸੁਸਾਇਟੀ ਚੱਕ ਕਲਿਆਣ, ਇੱਕ ਹੋਰ ਅਣਾਧਿਕਾਰਤ ਸੈਂਟਰ ਅਰਾਈਆ ਵਾਲਾ ਰੋਡ ਫਰੀਦਕੋਟ ਅਤੇ ਪਿੰਡ ਭਾਣਾ ਚੱਲ ਰਹੇ ਅਣਾਧਿਕਾਰਤ ਕੇਂਦਰਾਂ ਨੂੰ ਸੀਲ ਕੀਤਾ ਜਾ ਚੁੱਕਿਆ ਹੈ ਤੇ ਇੱਥੋਂ ਮਰੀਜਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਤਬਦੀਲ ਕੀਤਾ ਗਿਆ ਹੈ।
ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਮੱਸਿਆ ਦੇ ਖਾਤਮੇ ਲਈ ਫ਼ਰੀਦਕੋਟ ਜਿਲ੍ਹੇ ਵਿੱਚ ਓਟ ਕੇਂਦਰ, ਦੋ ਸਰਕਾਰੀ ਡੀ- ਅਡਿਕਸ਼ਨ ਸੈਂਟਰ ਜੋ ਕਿ 60 ਬੈੱਡਡ ਹਨ। ਤਿੰਨ ਪ੍ਰਾਈਵੇਟ ਡੀ-ਅਡਿਕਸ਼ਨ ਸੈਂਟਰ ਜੋ ਕਿ 25 ਬੈੱਡਡ ਹਨ। ਇੱਕ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਜੋ ਕਿ 50 ਬੈੱਡਡ ਹੈ ਅਤੇ ਇੱਕ ਪ੍ਰਾਈਵੇਟ ਰੀਹੈਬਲੀਟੇਸ਼ਨ ਸੈਂਟਰ ਜੋ ਕਿ 30 ਬੈੱਡਡ ਹੈ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ 300 ਹੋਰ ਬੈਂਡਾ ਦਾ ਵਾਧਾ ਕੀਤਾ ਜਾਵੇਗਾ। ਉਹਨਾਂ ਅਪੀਲ ਕੀਤੀ ਕਿ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਸਿਰਫ ਸਰਕਾਰੀ ਨਸ਼ਾ ਛੁਡਾਊ ਕੇਂਦਰ ਜਾਂ ਮਾਨਤਾ ਪ੍ਰਾਪਤ ਕੇਂਦਰਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਜਿਲ੍ਹੇ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਅਜਿਹੇ ਅਣਅਧਿਕਾਰਤ ਸੈਂਟਰ ਚੱਲ ਰਹੇ ਹਨ ਤਾਂ ਇਸਦੀ ਸੂਚਨਾ ਤੁਰੰਤ ਸਿਹਤ ਵਿਭਾਗ ਜਾਂ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ।