ਚੰਡੀਗੜ੍ਹ : ਅੱਜਕੱਲ੍ਹ ਲੋਕਾਂ ਵਿਚ ਆਪਣੀਆਂ ਗੱਡੀਆਂ ਦੇ ਫੈਂਸੀ ਨੰਬਰਾਂ ਦਾ ਕਰੇਜ਼ ਇੰਨਾ ਵਧ ਰਿਹਾ ਹੈ ਕਿ ਲੋਕ ਗੱਡੀ ਨਾਲੋਂ ਵੀ ਵੱਧ ਖਰਚ ਗੱਡੀ ਦੇ ਨੰਬਰ ਉੱਤੇ ਕਰ ਦਿੰਦੇ ਨੇ। ਚੰਡੀਗੜ੍ਹ ਦੇ ਟਰਾਂਸਪੋਰਟ ਵਿਭਾਗ ਵਲੋਂ ਫੈਂਸੀ ਨੰਬਰਾਂ ਦੀ ਕੀਤੀ ਗਈ। ਨਿਲਾਮੀ ਵਿਚ ਚੰਡੀਗੜ੍ਹ ਦੀ ਨਵੀਂ ਸੀਰੀਜ਼ CH01-CW ਦੇ ਫੈਂਸੀ ਨੰਬਰਾਂ ਦੀ ਨਿਲਾਮੀ ਦੌਰਾਨ 0001 ਨੰਬਰ ਸਾਢੇ 16 ਲੱਖ ਰੁਪਏ ਵਿਚ ਵਿਕਿਆ। ਇਸ ਤੋਂ ਬਾਅਦ 0009 ਨੰਬਰ 10 ਲੱਖ ਰੁਪਏ ਵਿਚ ਵੇਚਿਆ ਗਿਆ। ਇਸ ਨਿਲਾਮੀ ਦੌਰਾਨ ਵਿਭਾਗ ਨੇ 489 ਫੈਂਸੀ ਨੰਬਰ ਵੇਚੇ ਅਤੇ ਇਸ ਨਿਲਾਮੀ ਤੋਂ 2.26 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਗਈ।
ਚੰਡੀਗੜ੍ਹ ਦੇ ਟਰਾਂਸਪੋਰਟ ਵਿਭਾਗ ਨੇ ਨਵੀਂ ਸੀਰੀਜ਼ ਤੋਂ ਇਲਾਵਾ ਕਈ ਪੁਰਾਣੀਆਂ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਵੀ ਨਿਲਾਮੀ ਕੀਤੀ ਗਈ। ਇਸ ਨਿਲਾਮੀ ਦੌਰਾਨ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਅੱਜਕੱਲ੍ਹ ਆਮ ਮਾਰਕੀਟ ਵਿਚ 10 ਲੱਖ ਰੁਪਏ ਦੀ ਆਮ ਵਧੀਆ ਨਵੀਂ ਗੱਡੀ ਮਿਲ ਜਾਂਦੀ ਹੈ। ਪਰ ਨਿਲਾਮੀ ਵਿਚ ਦੇਖਿਆ ਗਿਆ ਕਿ ਲੋਕ ਪੰਜ ਦਸ ਲੱਖ ਰੁਪਏ ਤਾਂ ਗੱਡੀ ਦੇ ਨੰਬਰ ਉੱਪਰ ਹੀ ਖਰਚਣ ਲਈ ਤਿਆਰ ਬੈਠੇ ਨੇ।
ਫੈਂਸੀ ਨੰਬਰਾਂ ਦੀ ਨਿਲਾਮੀ ਦੌਰਾਨ ਚੰਡੀਗੜ੍ਹ ਦੀ ਨਵੀਂ ਸੀਰੀਜ਼ ਦੇ ਬਾਕੀ ਨੰਬਰਾਂ ਦੀ ਸੂਚੀ ਵਿਚ 0005 ਨੰਬਰ 9.98 ਲੱਖ ਰੁਪਏ ਵਿਚ ਵਿਕਿਆ, ਜਦਕਿ 0007 ਨੰਬਰ 7.07 ਲੱਖ ਰੁਪਏ ਵਿਚ, 0003 ਨੰਬਰ 6 ਲੱਖ ਰੁਪਏ ਵਿਚ, 0002 ਨੰਬਰ ਸਵਾ ਪੰਜ ਲੱਖ ਰੁਪਏ ਵਿਚ, 0008 ਨੰਬਰ ਸਵਾ ਚਾਰ ਲੱਖ ਰੁਪਏ ਵਿਚ, 0033 ਨੰਬਰ ਸਵਾ ਤਿੰਨ ਲੱਖ ਰੁਪਏ ਵਿਚ, 0006 ਨੰਬਰ ਤਿੰਨ ਲੱਖ ਰੁਪਏ ਵਿਚ ਅਤੇ 0015 ਨੰਬਰ ਪੌਣੇ ਤਿੰਨ ਲੱਖ ਵਿਚ ਵਿਕਿਆ। ਇਸ ਤਰਾਂ ਲੋਕਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਬਾਕੀ ਰਹਿ ਗਏ ਨੰਬਰਾਂ ਦੀ ਨਿਲਾਮੀ ਵੀ ਜਲਦੀ ਹੀ ਦੁਬਾਰਾ ਕੀਤੀ ਜਾਵੇਗੀ।