
ਚੰਡੀਗੜ੍ਹ 23 ਅਕਤੂਬਰ : ਅੱਜ ਪੰਜਾਬ ਪੁਲੀਸ ਨੇ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਨਸ਼ਾ ਵੇਚਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਸਤਿਕਾਰ ਪਿਛਲੀ ਕਾਂਗਰਸ ਦੌਰਾਨ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਹੀ ਹੈ। ਅੱਜ ਪੁਲੀਸ ਨੇ ਨਸ਼ਾ ਵੇਚਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲੀਸ ਦੇ ਆਈ ਜੀ ਹੈਡਕੁਆਰਟਰ ਸੁਖਚੈਨ ਸਿੰਘ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਮੋਹਾਲੀ ਪੁਲੀਸ ਨੇ ਸਤਿਕਾਰ ਕੌਰ ‘ਤੇ ਛਾਪਾ ਮਾਰਿਆ। ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਕ ਪੁਲੀਸ ਅਧਿਕਾਰੀ ਦੇ ਪੈਰ ‘ਤੇ ਸੱਟ ਵੀ ਵੱਜੀ ਹੈ।
ਆਈ ਜੀ ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਪਾਸੋਂ 28 ਗ੍ਰਾਮ ਚਿੱਟਾ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪੁਲੀਸ ਨੂੰ ਸੂਚਨਾ ਮਿਲੀ ਕਿ ਸਤਿਕਾਰ ਕੌਰ ਨਸ਼ਾ ਵੇਚਣ ਦਾ ਧੰਦਾ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਕ ਰਾਜਸੀ ਆਗੂ ਔਰਤ ਨਸ਼ਾ ਵੇਚਣ ਦਾ ਧੰਦਾ ਕਰ ਰਹੀ ਹੈ। ਇਸ ਤੋਂ ਬਾਅਦ ਪੁਲੀਸ ਨੇ ਇਕ ਵਿਅਕਤੀ ਪਾਸੋਂ ਸਤਿਕਾਰ ਕੌਰ ਨੂੰ ਫੋਨ ਕਰਵਾਇਆ ਗਿਆ ਅਤੇ ਨਸ਼ਾ ਲੈਣ ਲਈ ਡੀਲ ਕੀਤੀ ਗਈ। ਜਦੋਂ ਸਤਿਕਾਰ ਕੌਰ ਆਪਣੇ ਡਰਾਈਵਰ ਸਮੇਤ ਗੱਡੀ ‘ਤੇ ਨਸ਼ੇ ਦੀ ਡਲਿਵਰੀ ਦੇਣ ਆਈ ਤਾਂ ਪੁਲੀਸ ਨੇ ਘੇਰਾ ਪਾ ਲਿਆ। ਸਤਿਕਾਰ ਕੌਰ ਨੇ ਗੱਡੀ ਭਜਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਘੇਰਾ ਪਾ ਕੇ ਗੱਡੀ ਸਮੇਤ ਸਤਿਕਾਰ ਕੌਰ ਅਤੇ ਉਸਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਸਤਿਕਾਰ ਕੌਰ ਪਾਸੋਂ ਨਸ਼ੇ ਦੇ ਕਈ ਪੈਕੇਟ, ਨਕਦੀ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ।
ਆਈ ਜੀ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ ਹੈ ਕਿ ਸਤਿਕਾਰ ਕੌਰ ਦਾ ਵੱਡਾ ਨੈਟਵਰਕ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਹਨ ਕਿ ਨਸ਼ਾ ਵੇਚਣ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਵਿਅਕਤੀ ਕਿੰਨੇ ਵੀ ਵੱਡੇ ਆਹੁਦੇ ‘ਤੇ ਕਿਉਂ ਨਾ ਬੈਠਾ ਹੋਵੇ।
