Tuesday, December 10Malwa News
Shadow

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਇਕ ਹੋਰ ਝਟਕਾ

ਲੁਧਿਆਣਾ 24 ਅਕਤੂਬਰ : ਜੇਲ ਵਿਚ ਬੰਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਇਕ ਹੋਰ ਝਟਕਾ ਦਿੰਦਿਆਂ ਈ ਡੀ ਵਲੋਂ ਇਕ ਹੋਰ ਕੇਸ ਦਰਜ ਕੀਤਾ ਹੈ। ਈ ਡੀ ਵਲੋਂ ਭਾਰਤ ਭੂਸ਼ਨ ਅਤੇ ਉਸਦੇ ਸਾਥੀ 31 ਹੋਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਖੁਰਾਕ, ਨਾਗਰਿਕ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਵਿੱਚ ਹੇਰਾਫੇਰੀ ਅਤੇ ਦੁਰਪ੍ਰਬੰਧ ਦੇ ਦੋਸ਼ਾਂ ਅਧੀਨ ਦਰਜ ਕੀਤੇ ਗਏ ਇਸ ਵਿੱਚ ਹੁਣ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਨੇ ਟੈਂਡਰ ਘੁਟਾਲੇ ਵਿੱਚ ਧਨ ਸ਼ੋਧਨ ਰੋਕਥਾਮ (ਪੀਐੱਮਐੱਲਏ), 2002 ਦੇ ਪ੍ਰਾਵਧਾਨਾਂ ਤਹਿਤ 26.09.2024 ਨੂੰ ਵਿਸ਼ੇਸ਼ ਅਦਾਲਤ (ਪੀਐੱਮਐੱਲਏ) ਵਿੱਚ ਦੋਸ਼ੀਆਂ ਖ਼ਿਲਾਫ਼ ਮੁਕੱਦਮੇ ਦੀ ਸ਼ਿਕਾਇਤ PC (ਪ੍ਰੋਸੀਕਿਊਸ਼ਨ ਕੰਪਲੇਨ) ਦਾਇਰ ਕੀਤੀ ਹੈ। ਵਿਸ਼ੇਸ਼ ਅਦਾਲਤ ਨੇ 19 ਅਕਤੂਬਰ ਨੂੰ ਇਸ ਸ਼ਿਕਾਇਤ ‘ਤੇ ਸੁਣਵਾਈ ਕਰਦਿਆਂ ਪੀਸੀ ਦਾ ਨੋਟਿਸ ਲਿਆ ਹੈ।
ਈਡੀ ਨੇ ਖੁਰਾਕ, ਨਾਗਰਿਕ ਸਪਲਾਈ ਅਤੇ ਉਪਭੋਗਤਾ ਮਾਮਲੇ ਵਿਭਾਗ ਵਿੱਚ ‘ਟੈਂਡਰ ਘੁਟਾਲੇ’ ਨਾਲ ਸਬੰਧਤ ਆਈਪੀਸੀ, 1860 ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ, ਪੰਜਾਬ ਦੁਆਰਾ ਦਰਜ ਵੱਖ-ਵੱਖ ਐੱਫਆਈਆਰ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਹੁਣ ਈਡੀ ਜਲਦੀ ਹੀ ਇਮਪਰੂਵਮੈਂਟ ਟਰੱਸਟ ਸਕੀਮ ‘ਤੇ ਵੀ ਖੁਲਾਸਾ ਕਰ ਸਕਦੀ ਹੈ।
ਈਡੀ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੇ ਖੁਰਾਕ ਅਤੇ ਨਾਗਰਿਕ ਸਪਲਾਈ ਵਿਭਾਗ ਦੇ ਤਤਕਾਲੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਟੈਂਡਰ ਅਲਾਟਮੈਂਟ ਵਿੱਚ ਚੁਣੇ ਹੋਏ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਇਆ ਅਤੇ ਉਨ੍ਹਾਂ ਨੂੰ ਵੱਧ ਲਾਭ ਦਾ ਵਾਅਦਾ ਕੀਤਾ, ਜਿਸ ਲਈ ਉਨ੍ਹਾਂ ਨੇ ਰਾਜਦੀਪ ਸਿੰਘ ਨਾਗਰਾ, ਰਾਕੇਸ਼ ਕੁਮਾਰ ਸਿੰਗਲਾ ਅਤੇ ਪੰਜਾਬ ਖੁਰਾਕ ਅਤੇ ਨਾਗਰਿਕ ਸਪਲਾਈ ਵਿਭਾਗ ਦੇ ਕੁਝ ਸਰਕਾਰੀ ਅਧਿਕਾਰੀਆਂ ਸਮੇਤ ਹੋਰ ਵਿਅਕਤੀਆਂ ਰਾਹੀਂ ਉਨ੍ਹਾਂ ਤੋਂ ਰਿਸ਼ਵਤ ਲਈ। ਰਿਸ਼ਵਤ ਦੇ ਪੈਸੇ ਨੂੰ ਫਰਜ਼ੀ ਸੰਸਥਾਵਾਂ ਦੇ ਨੈੱਟਵਰਕ ਰਾਹੀਂ ਚੱਲ ਅਤੇ ਅਚੱਲ ਜਾਇਦਾਦਾਂ ਖਰੀਦਣ ਲਈ ਅੱਗੇ ਵਧਾਇਆ ਗਿਆ।
ਇਸ ਤੋਂ ਪਹਿਲਾਂ, ਈਡੀ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 28 ਥਾਵਾਂ ‘ਤੇ 24 ਅਗਸਤ 2023 ਅਤੇ 4 ਸਤੰਬਰ 2024 ਨੂੰ ਦੋ ਛਾਪੇਮਾਰੀ ਕੀਤੀ ਸੀ। ਇਸ ਤੋਂ ਇਲਾਵਾ, ਜਾਂਚ ਦੌਰਾਨ, ਭਾਰਤ ਭੂਸ਼ਣ ਸ਼ਰਮਾ ਉਰਫ਼ ਆਸ਼ੂ ਅਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਰਾਜਦੀਪ ਸਿੰਘ ਨਾਗਰਾ ਨੂੰ ਮਨੀ ਲਾਂਡਰਿੰਗ ਦੇ ਜੁਰਮ ਵਿੱਚ ਕ੍ਰਮਵਾਰ 1 ਅਗਸਤ ਅਤੇ 4 ਸਤੰਬਰ 2024 ਨੂੰ ਪੀਐੱਮਐੱਲਏ, 2002 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋਵੇਂ ਫਿਲਹਾਲ ਨਿਆਂਇਕ ਹਿਰਾਸਤ ਵਿੱਚ ਹਨ।
ਈਡੀ ਨੇ ਅਸਥਾਈ ਤੌਰ ‘ਤੇ 22.8 ਕਰੋੜ ਰੁਪਏ (ਲਗਭਗ) ਮੁੱਲ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਸਨ, ਜਿਨ੍ਹਾਂ ਵਿੱਚ ਲੁਧਿਆਣਾ, ਮੋਹਾਲੀ, ਖੰਨਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸਥਿਤ ਅਚੱਲ ਜਾਇਦਾਦਾਂ ਅਤੇ ਐੱਫਡੀਆਰ, ਸੋਨੇ ਦੇ ਗਹਿਣੇ, ਬੁਲੀਅਨ ਅਤੇ ਬੈਂਕ ਖਾਤਿਆਂ ਦੇ ਰੂਪ ਵਿੱਚ ਚੱਲ ਜਾਇਦਾਦਾਂ ਸ਼ਾਮਲ ਹਨ।