ਚੰਡੀਗੜ੍ਹ, 27 ਦਸੰਬਰ : ਪੰਜਾਬ ਸਰਕਾਰ ਵਲੋਂ ਇਸ ਸਾਲ ਦੌਰਾਨ ਵੱਖ ਵੱਖ ਪੈਨਸ਼ਨ ਸਕੀਮਾਂ ਤਹਿਤ 4532.60 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ। ਇਸ ਤੋਂ ਇਲਾਵਾ ਬੱਚਿਆਂ, ਮਹਿਲਾਵਾਂ ਅਤੇ ਬਜ਼ੁਰਗਾਂ ਲਈ ਹੋਰ ਵੀ ਕਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ।
ਸਾਲ 2024 ਦੌਰਾਨ ਸਰਕਾਰ ਵਲੋਂ ਮੁਹਈਆ ਕਰਵਾਈਆਂ ਗਈਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਾਲ ਦੌਰਾਨ 34 ਲੱਖ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਗਈ। ਇਸ ਤੋਂ ਇਲਾਵਾ ਮਹਿਲਾਵਾਂ ਲਈ ਮੁਫਤ ਬੱਸ ਸਫਰ ਦੀ ਸਹੂਲਤ ਦਾ ਵੀ ਹਰ ਮਹੀਨੇ ਇਕ ਕਰੋੜ ਤੋਂ ਵੀ ਵੱਧ ਮਹਿਲਾਵਾਂ ਵਲੋਂ ਲਾਭ ਲਿਆ ਜਾ ਰਿਹਾ ਹੈ। ਸਰਕਾਰ ਵਲੋਂ ਮਹਿਲਾਵਾਂ ਦੀ ਤੰਦਰੁਸਤੀ ਲਈ 2 ਦਸੰਬਰ ਤੋਂ ਸਿਹਤ ਕੈਂਪਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਮਹਿਲਾਵਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿਚ ਮਹਿਲਾਵਾਂ ਦੀ ਮੁਫਤ ਜਾਂਚ, ਬਿਮਾਰੀਆਂ ਦੀ ਰੋਕਥਾਮ ਤੋਂ ਇਲਾਵਾ ਮਹਿਲਾਵਾਂ ਦੇ ਅਧਿਕਾਰਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਮੰਤਰੀ ਨੇ ਦੱਸਿਆ ਕਿ ਬਰਨਾਲਾ ਵਿਚ ਲਾਏ ਗਏ ਕੈਂਪ ਦੌਰਾਨ 370 ਤੋਂ ਵੀ ਵੱਧ ਮਹਿਲਾਵਾਂ ਨੇ 12 ਕੰਪਨੀਆਂ ਨੂੰ ਨੌਕਰੀ ਲਈ ਇੰਟਰਵਿਊ ਦਿੱਤੀ। ਇਸੇ ਤਰਾਂ ਕੈਂਪ ਦੌਰਾਨ ਆਈ ਬੀ ਐਮ ਅਤੇ ਮਾਈਕ੍ਰੋਸੌਫਟ ਵਲੋਂ ਪੇਸ਼ ਕੀਤੇ ਗਏ ਮੁਫਤ ਸਿਖਲਾਈ ਪ੍ਰੋਗਰਾਮਾਂ ਲਈ ਵੀ 88 ਮਹਿਲਾਵਾਂ ਨੇ ਰਜਿਸਟਰੇਸ਼ਨ ਕਰਵਾਈ। ਕੈਂਪ ਦੌਰਾਨ ਅੱਠ ਮਹਿਲਾਵਾਂ ਨੂੰ ਤਾਂ ਮੌਕੇ ‘ਤੇ ਹੀ ਨਿਯੁਕਤੀ ਪੱਤਰ ਦੇ ਦਿੱਤੇ ਗਏ ਅਤੇ ਬਾਕੀਆਂ ਵਿਚੋਂ 241 ਉਮੀਦਵਾਰਾਂ ਨੂੰ ਸ਼ੌਰਟ ਲਿਸਟ ਕੀਤਾ ਗਿਆ। ਇਸੇ ਤਰਾਂ ਹੀ ਬਾਕੀ ਜਿਲਿਆਂ ਵਿਚ ਵੀ ਸਿਹਤ ਕੈਂਪਾਂ ਦਾ ਔਰਤਾਂ ਨੇ ਭਰਵਾਂ ਲਾਭ ਲਿਆ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਮਹਿਲਾਵਾਂ ਅਤੇ ਬੱਚੇ ਲਾਭ ਲੈ ਰਹੇ ਹਨ।