
ਜਲੰਧਰ, 16 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸਿਵਲ ਹਸਪਤਾਲ ਜਲੰਧਰ ਵਿਚ ਤਾਇਨਾਤ ਇਕ ਨਿੱਜੀ ਸੁਰੱਖਿਆ ਗਾਰਡ ਨੂੰ ਡਾਕਟਰਾਂ ਦੇ ਨਾਮ ‘ਤੇ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਪਿੰਡ ਚੱਕ ਸਾਧੂ ਵਾਲਾ ਦਾ ਵਾਸੀ ਨਰਿੰਦਰ ਕੁਮਾਰ ਸਿਵਲ ਹਸਪਤਾਲ ਵਿਚ ਨਿੱਜੀ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਾਰੀ ਕੀੀਤ ਗਈ ਭਰਿਸ਼ਟਾਚਾਰ ਵਿਰੋਧੀ ਲਾਈਨ ‘ਤੇ ਜਿਲਾ ਫਿਰੋਜ਼ਪੁਰ ਦੇ ਪਿੰਡ ਮੱਲਾਂਵਾਲਾ ਦੇ ਵਾਸੀ ਲੋਕੇਸ਼ ਵਲੋਂ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਸ ਨੇ ਆਪਣੀ ਰਿਸ਼ਤੇਦਾਰ ਲਈ ਅੰਗਹੀਣ ਦਾ ਸਰਟੀਫਿਕੇਟ ਜਾਰੀ ਕਰਨ ਲਈ ਸਿਵਲ ਹਸਪਤਾਲ ਜਲੰਧਰ ਦੇ ਦਫਤਰ ਵਿਚ ਹੱਡੀਆਂ ਦੇ ਮਾਹਿਰ ਡਾਕਟਰ ਕੋਲ ਪਹੁੰਚ ਕੀਤੀ ਸੀ। ਪਰ ਫਿਰ ਵੀ ਉਹ ਈ ਟਰਾਈਸਾਈਕਲ ਖਰੀਦਣ ਲਈ ਆਪੰਗਤਾ ਫੀਸਦ ਪ੍ਰਾਪਤ ਨਹੀਂ ਕਰ ਸਕੀ। ਇਸ ਡਾਕਟਰ ਨੇ ਅੰਗਹੀਣਤਾ ਦੀ ਪ੍ਰਤੀਸ਼ਤ ਵਧਾਉਣ ਲਈ ਆਪਣੇ ਦਫਤਰ ਦੇ ਬਾਹਰ ਖੜ੍ਹੇ ਨਿੱਜੀ ਸੁਰੱਖਿਆ ਗਾਰਡ ਨੂੰ ਮਿਲਣ ਲਈ ਕਿਹਾ। ਜਦੋਂ ਸੁਰੱਖਿਆ ਗਾਰਡ ਨਾਲ ਗੱਲ ਕੀਤੀ ਤਾਂ ਉਸ ਨੇ 10 ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤ ਕਰਤਾ ਨੇ ਉਸ ਨਾਲ ਰਿਸ਼ਵਤ ਬਾਰੇ ਹੋਈ ਗੱਲਬਾਤ ਆਪਣੇ ਫੋਨ ‘ਤੇ ਰਿਕਾਰਡ ਕਰ ਲਈ। ਵਿਜੀਲੈਂਸ ਬਿਊਰੋ ਵਲੋਂ ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਦੋਸ਼ ਸਹੀ ਪਾਏ ਗਏ। ਇਸ ਲਈ ਵਿਜੀਲੈਂਸ ਬਿਊਰੋ ਨੇ ਨਿੱਜੀ ਸੁਰੱਖਿਆ ਗਾਰਡ ਨਰਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਜਲੰਧਰ ਵਿਚ ਪਰਚਾ ਵੀ ਦਰਜ ਕੀਤਾ ਗਿਆ ਅਤੇ ਨਰਿੰਦਰ ਕੁਮਾਰ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।