
ਚੰਡੀਗੜ੍ਹ, 22 ਫਰਵਰੀ : ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਨਾਲ ਪੰਜਾਬ ਵਿਚ ਕਿਸਾਨਾਂ ਵਲੋਂ ਫਸਲੀ ਵਿਭਿੰਨਤਾ ਨੂੰ ਅਪਣਾਇਆ ਜਾ ਰਿਹਾ ਹੈ। ਇਸ ਨਾਲ ਜਿਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਰਿਹਾ ਹੈ ਉਥੇ ਹੀ ਪੰਜਾਬ ਖੁਸ਼ਹਾਲੀ ਵੱਲ ਵੀ ਵਧ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਜਿਲਾ ਮਾਨਸਾ ਦੇ ਪਿੰਡ ਮੌਜੋ ਖੁਰਦ ਦੇ ਇਕ ਕਿਸਾਨ ਸੁਖਪਾਲ ਸਿੰਘ ਨੇ ਆਪਣੇ 11 ਏਕੜ ਖੇਤ ਵਿਚ ਫਸਲੀ ਵਿਭਿੰਨਤਾ ਅਪਣਾਈ ਹੋਈ ਹੈ। ਉਸ ਨੇ ਚਾਰ ਏਕੜ ਵਿਚ ਰਵਾਇਤੀ ਖੇਤੀ ਜਾਰੀ ਰੱਖੀ ਹੈ ਅਤੇ ਬਾਕੀ 7 ਏਕੜ ਵਿਚ ਸਬਜੀਆਂ ਉਗਾਈਆਂ ਗਈਆਂ ਹਨ, ਜਿਸ ਤੋਂ ਉਹ ਕਾਫੀ ਕਮਾਈ ਕਰ ਰਿਹਾ ਹੈ। ਹੁਣ ਉਸ ਨੇ ਖੁੰਬਾਂ ਦੀ ਖੇਤੀ ਵੀ ਸ਼ੁਰੂ ਕੀਤੀ ਹੈ। ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਕਿਸਾਨ ਰਵਾਇਤੀ ਫਸਲਾਂ ਨੂੰ ਛੱਡ ਕੇ ਬਾਗਬਾਨੀ ਵੱਲ ਵੀ ਆ ਰਹੇ ਹਨ ਅਤੇ ਸਰਕਾਰ ਵਲੋਂ ਵੀ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।