Saturday, September 19Malwa News
Shadow

ਵਿਰਾਸਤ-ਏ-ਖਾਲਸਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਤਿੰਨ ਦਿਨਾਂ ਕ੍ਰਾਫਟ ਮੇਲੇ ਦਾ ਆਯੋਜਨ

ਸ੍ਰੀ ਅਨੰਦਪੁਰ ਸਾਹਿਬ 01 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਵਿਰਾਸਤ-ਏ-ਖਾਲਸਾ ਵਿਖੇ 1 ਮਾਰਚ ਤੋਂ 3 ਮਾਰਚ 2026 ਤੱਕ ਤਿੰਨ ਦਿਨਾਂ ਕਰਾਫਟ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਜ਼ਿਲ੍ਹਾ ਰੂਪਨਗਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਣੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਉਪਰਾਲੇ ਦਾ ਮੁੱਖ ਉਦੇਸ਼ ਪੇਂਡੂ ਮਹਿਲਾਵਾਂ ਅਤੇ ਕਾਰੀਗਰਾਂ ਨੂੰ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਲਈ ਮੰਚ ਪ੍ਰਦਾਨ ਕਰਨਾ ਸੀ।

      ਕਰਾਫਟ ਮੇਲੇ ਦੌਰਾਨ ਫੁਲਕਾਰੀ, ਨੀਟਿੰਗ ਪ੍ਰੋਡਕਟ, ਹਲਦੀ, ਅਚਾਰ, ਮੁਰੱਬੇ, ਚਟਣੀਆਂ, ਆਯੁਰਵੈਦਿਕ ਦਵਾਈਆਂ ਅਤੇ ਫੂਡ ਸਟਾਲਾਂ ਸਮੇਤ ਕੁੱਲ 30 ਸਟਾਲਾਂ ਲਗਾਈਆਂ ਗਈਆਂ। ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੇ ਉਤਪਾਦਾਂ ਰਾਹੀਂ ਆਪਣੀ ਕਲਾ ਅਤੇ ਹੁਨਰਮੰਦੀ ਦਾ ਪ੍ਰਦਰਸ਼ਨ ਕੀਤਾ, ਜਿਸਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ।

     ਇਸ ਤੋਂ ਇਲਾਵਾ ਕਰਾਫਟ ਮੇਲੇ ਦੌਰਾਨ ਡਾਇਰੀ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ, ਲੀਡ ਬੈਂਕ, ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ, ਐਸ.ਸੀ. ਕਾਰਪੋਰੇਸ਼ਨ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ, ਡੀ-ਅਡੀਕਸ਼ਨ ਸੈਂਟਰ ਰੂਪਨਗਰ, ਜ਼ਿਲ੍ਹਾ ਉਦਯੋਗ ਕੇਂਦਰ, ਬਾਗਬਾਨੀ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਰੈਡ ਕਰਾਸ ਅਤੇ ਐਨ.ਯੂ.ਐਲ.ਐਮ. ਰੂਪਨਗਰ ਆਦਿ ਵੱਖ-ਵੱਖ ਵਿਭਾਗਾਂ ਵੱਲੋਂ ਆਪਣੀਆਂ ਲੋਕ ਭਲਾਈ ਸਕੀਮਾਂ ਬਾਰੇ ਜਨਤਾ ਨੂੰ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੇ ਲਾਭ ਲੈਣ ਲਈ ਪ੍ਰੇਰਿਤ ਵੀ ਕੀਤਾ ਗਿਆ।

     ਕਰਾਫਟ ਮੇਲੇ ਦੌਰਾਨ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰੂਪਨਗਰ ਚੰਦਰ ਜਯੋਤੀ ਸਿੰਘ ਅਤੇ ਅਸਿਸਟੈਂਟ ਕਮਿਸ਼ਨਰ ਅਭਿਮੰਨਯੂ ਮਲਿਕ ਵੱਲੋਂ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਪੇਂਡੂ ਆਜੀਵਿਕਾ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਦੇ ਹਨ ।