
ਨਵੀਂ ਦਿੱਲੀ : ਮੋਬਾਈਲ ਫੋਨ ’ਤੇ ਪਹਿਲੀ ਨਵੰਬਰ 2026 ਤੋਂ ਕਾਲ ਕਰਨ ਵਾਲੇ ਦਾ ਨਾਂ ਦਿਖਾਉਣਾ ਲਾਜ਼ਮੀ ਹੋ ਜਾਵੇਗਾ। ਜਦੋਂ ਵੀ ਕਿਸੇ ਦੇ ਫੋਨ ’ਤੇ ਕਾਲ ਆਵੇਗੀ ਤਾਂ ਸਕਰੀਨ ’ਤੇ ਕਾਲ ਕਰਨ ਵਾਲੇ ਦਾ ਨੰਬਰ ਅਤੇ ਨਾਂ ਦੋਵੇਂ ਦਿਖਾਈ ਦੇਣਗੇ। ਜੇ ਕਾਲ ਕਰਨ ਵਾਲੇ ਦਾ ਨੰਬਰ ਫੋਨ ਵਿੱਚ ਸੇਵ ਨਹੀਂ ਹੈ ਤਾਂ ਸਿਮ ਲੈਂਦੇ ਸਮੇਂ ਦਰਜ ਕਰਵਾਇਆ ਗਿਆ ਨਾਂ ਸਕਰੀਨ ’ਤੇ ਦਿਖੇਗਾ। ਇਸ ਨਾਲ ਫਰਜ਼ੀ ਕਾਲਾਂ ਦੀ ਪਛਾਣ ਕਰਨ ਅਤੇ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ।
ਦੂਰਸੰਚਾਰ ਵਿਭਾਗ ਨੇ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਪਹਿਲੀ ਨਵੰਬਰ ਤੋਂ ਇਹ ਸੇਵਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸੇਵਾ ਨੂੰ ‘ਕਾਲਿੰਗ ਨੇਮ ਪ੍ਰੈਜ਼ੈਂਟੇਸ਼ਨ’ (ਸੀਐੱਨਏਪੀ) ਕਿਹਾ ਜਾਂਦਾ ਹੈ। ਵਰਤੋਂਕਾਰਾਂ ਨੂੰ ਇਸ ਨੂੰ ਵੱਖਰੇ ਤੌਰ ’ਤੇ ਚਾਲੂ ਕਰਵਾਉਣ ਦੀ ਲੋੜ ਨਹੀਂ ਪਵੇਗੀ।
ਜੇ ਕਾਲ ਕਰਨ ਵਾਲੇ ਦਾ ਨੰਬਰ ਪਹਿਲਾਂ ਹੀ ਤੁਹਾਡੇ ਫੋਨ ਦੀ ਸੰਪਰਕ ਸੂਚੀ ਵਿੱਚ ਸੇਵ ਹੈ ਤਾਂ ਸਕਰੀਨ ’ਤੇ ਉਹੀ ਨਾਂ ਦਿਖਾਈ ਦੇਵੇਗਾ। ਜੇ ਨੰਬਰ ਸੇਵ ਨਹੀਂ ਹੈ ਤਾਂ ਸਿਮ ਲੈਂਦੇ ਸਮੇਂ ਦਰਜ ਕਰਵਾਇਆ ਗਿਆ ਨਾਂ ਦਿਖੇਗਾ। ਹਾਲਾਂਕਿ, ਵਿਦੇਸ਼ੀ ਨੰਬਰ ਤੋਂ ਆਉਣ ਵਾਲੀ ਕਾਲ ’ਤੇ ਕਾਲ ਕਰਨ ਵਾਲੇ ਦਾ ਨਾਂ ਦਿਖਾਉਣ ਦੀ ਬਜਾਏ ‘ਇੰਟਰਨੈਸ਼ਨਲ ਕਾਲ’ ਲਿਖਿਆ ਆਵੇਗਾ।
ਇਸ ਸੇਵਾ ਨੂੰ ਚਲਾਉਣ ਲਈ ਹਰੇਕ ਦੂਰਸੰਚਾਰ ਕੰਪਨੀ ਨੂੰ ਆਪਣੇ ਵਰਤੋਂਕਾਰਾਂ ਦੇ ਨਾਂ ਅਤੇ ਮੋਬਾਈਲ ਨੰਬਰਾਂ ਨੂੰ ਜੋੜਨ ਵਾਲਾ ਡਾਟਾਬੇਸ ਤਿਆਰ ਕਰਨਾ ਪਵੇਗਾ। ਕਾਲ ਆਉਣ ’ਤੇ ਕੰਪਨੀ ਇਸ ਡਾਟਾਬੇਸ ਵਿੱਚੋਂ ਨਾਂ ਲੈ ਕੇ ਫੋਨ ਦੀ ਸਕਰੀਨ ’ਤੇ ਦਿਖਾਏਗੀ।
ਨਿੱਜਤਾ ਅਤੇ ਕਾਰੋਬਾਰੀ ਨੰਬਰਾਂ ਲਈ ਵੀ ਪ੍ਰਬੰਧ
ਨਿੱਜਤਾ ਦੇ ਮਾਮਲੇ ਵਿੱਚ ਦੂਰਸੰਚਾਰ ਕੰਪਨੀਆਂ ਦਾ ਕਹਿਣਾ ਹੈ ਕਿ ਕਾਲ ਖ਼ਤਮ ਹੋਣ ਮਗਰੋਂ ਸਿਸਟਮ ਦੀ ਮੈਮੋਰੀ ਵਿੱਚੋਂ ਦਿਖਾਇਆ ਗਿਆ ਨਾਂ ਤੁਰੰਤ ਮਿਟਾ ਦਿੱਤਾ ਜਾਵੇਗਾ ਜਿਨ੍ਹਾਂ ਵਰਤੋਂਕਾਰਾਂ ਨੇ ਆਪਣਾ ਨਾਂ ਲੁਕਾਉਣ ਲਈ ਸੀਐੱਲਆਈਆਰ ਸੇਵਾ ਲਈ ਹੋਈ ਹੈ, ਉਨ੍ਹਾਂ ਦਾ ਨਾਂ ਸਕਰੀਨ ’ਤੇ ਨਹੀਂ ਦਿਖਾਇਆ ਜਾਵੇਗਾ।
ਕਾਰੋਬਾਰਾਂ ਅਤੇ ਵੱਡੀ ਗਿਣਤੀ ਵਿੱਚ ਸਿਮ ਵਰਤਣ ਵਾਲੀਆਂ ਸੰਸਥਾਵਾਂ ਨੂੰ ਆਪਣਾ ਰਜਿਸਟਰਡ ਕਾਰੋਬਾਰੀ ਨਾਂ ਜਾਂ ਟਰੇਡਮਾਰਕ ਦਿਖਾਉਣ ਦਾ ਵਿਕਲਪ ਵੀ ਮਿਲੇਗਾ। ਇਸ ਲਈ ਉਨ੍ਹਾਂ ਨੂੰ ਟਰੇਡਮਾਰਕ ਰਜਿਸਟਰੀ ਜਾਂ ਜੀਐੱਸਟੀ ਪੋਰਟਲ ’ਤੇ ਦਰਜ ਨਾਂ ਦੀ ਪੁਸ਼ਟੀ ਕਰਵਾਉਣੀ ਅਤੇ ਲੋੜੀਂਦੇ ਦਸਤਾਵੇਜ਼ ਦੂਰਸੰਚਾਰ ਕੰਪਨੀ ਨੂੰ ਦੇਣੇ ਪੈਣਗੇ।
ਫਿਲਹਾਲ ਇਹ ਨਿਯਮ 4ਜੀ ਅਤੇ 5ਜੀ ਜਾਂ ਇਸ ਤੋਂ ਨਵੀਂ ਪੀੜ੍ਹੀ ਦੇ ਮੋਬਾਈਲ ਨੈੱਟਵਰਕਾਂ ’ਤੇ ਲਾਜ਼ਮੀ ਹੋਵੇਗਾ। 2ਜੀ, 3ਜੀ ਅਤੇ ਲੈਂਡਲਾਈਨ ਨੈੱਟਵਰਕਾਂ ’ਤੇ ਇਸ ਨੂੰ ਲਾਗੂ ਕਰਨ ਬਾਰੇ ਸਰਕਾਰ ਵੱਖਰੇ ਤੌਰ ’ਤੇ ਵਿਚਾਰ ਕਰੇਗੀ।