ਚੰਡੀਗੜ੍ਹ: ਹਾਲ ਹੀ ਦੇ ਦਿਨਾਂ ਵਿੱਚ ਸਾਹਮਣੇ ਆਈ ਫਿਲਮ ‘ਸਤਲੁਜ’ ਇੰਨੀ ਦਿਨੀਂ ਦੁਨੀਆਂ-ਭਰ ‘ਚ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੀ ਹੈ, ਜਿਸ ਦੀ ਇਸ ਮਾਣਮੱਤੀ ਸਫ਼ਲਤਾ ਨਾਲ ਅੱਜਕੱਲ੍ਹ ਗਲੋਬਲ ਸਟਾਰ ਮੰਨੇ ਜਾਂਦੇ ਦਿਲਜੀਤ ਦੁਸਾਂਝ ਨੇ ਪਾਲੀਵੁੱਡ ਦੇ ਸਭ ਤੋਂ ਜਿਆਦਾ ਫੀਸ ਲੈਣ ਵਾਲੇ ਅਦਾਕਾਰ ਵਜੋਂ ਅਪਣਾ ਸ਼ੁਮਾਰ ਕਰਵਾਉਣ ਦਾ ਮਾਣ ਹਾਸਿਲ ਕਰ ਲਿਆ ਹੈ, ਜਿੰਨਾਂ ਵੱਲੋਂ ਦਰਜ ਕਰਵਾ ਦਿੱਤੀ ਗਈ ਇਸ ਸਿਨੇਮਾ ਮੌਜ਼ੂਦਗੀ ਨਾਲ ਪੰਜਾਬੀ ਸਿਨੇਮਾ ਦੇ ਕਈ ਟੌਪ ਸਟਾਰਜ਼ ਨੂੰ ਵੀ ਸਟੇਟਸ ਗ੍ਰਾਫ਼ ‘ਚ ਪਛਾੜ ਦਿੱਤਾ ਗਿਆ ਹੈ।
ਉਕਤ ਸੰਦਰਭ ਵਿੱਚ ਗੱਲ ਕਰੀਏ ਤਾਂ ਸਾਲ 2010 ਵਿੱਚ ਆਈ ਅਤੇ ਗਿੱਪੀ ਗਰੇਵਾਲ ਸਟਾਰਰ ‘ਮੇਲ ਕਰਾਂਦੇ ਰੱਬਾ” ਨਾਲ ਮਹਿਮਾਨ ਅਤੇ ਇੱਕ ਛੋਟੀ ਜਿਹੀ ਕਲਾਈਮੈਕਸ ਭੂਮਿਕਾ ਦੁਆਰਾ ਪੰਜਾਬੀ ਸਿਨੇਮਾ ਦਾ ਅਹਿਮ ਹਿੱਸਾ ਬਣੇ ਸਨ ਦਿਲਜੀਤ ਦੁਸਾਂਝ, ਜਿੰਨਾਂ ਵੱਲੋਂ ਇਸ ਉਦਯੋਗ ਵਿੱਚ ਪੜਾਅ ਦਰ ਪੜਾਅ ਹਾਸਿਲ ਕਰ ਲਏ ਕਰੀਅਰ ਗ੍ਰਾਫ ਨੂੰ ਹਾਲੇ ਤੱਕ, ਉਨ੍ਹਾਂ ਦਾ ਕੋਈ ਵੀ ਸਮਕਾਲੀ ਸਟਾਰ ਜਾਂ ਹੋਰ ਪਾਲੀਵੁੱਡ ਅਦਾਕਾਰ ਪਛਾੜ ਨਹੀਂ ਸਕਿਆ।
ਇਸੇ ਦਿਸ਼ਾ ਵਿੱਚ ਕੁਝ ਹੋਰ ਵਿਸਥਾਰ ਵੱਲ ਜਾਈਏ ਤਾਂ ਹਾਲ ਹੀ ਦੇ ਦਿਨ ਸਮੇਂ ਵਿੱਚ ਲਗਭਗ 12 ਕਰੋੜ ਦੇ ਲਗਭਗ ਚਾਰਜ ਕਰਨ ਵਾਲੇ ਦਿਲਜੀਤ ਦੁਸਾਂਝ ਦੀ ਫ਼ੀਸ ਹੁਣ ਕਰੀਬਨ 20 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ, ਜਦਕਿ ਗਿੱਪੀ ਗਰੇਵਾਲ ਇੰਨੀ ਦਿਨੀ 09 ਕਰੋੜ ਦੇ ਆਸਪਾਸ ਅਤੇ ਐਮੀ ਵਿਰਕ 05 ਕਰੋੜ ਰੁਪਏ ਦੇ ਕਰੀਬ ਫੀਸ ਚਾਰਜ ਕਰ ਰਹੇ ਹਨ।
ਦੱਸਣਾ ਇਹ ਵੀ ਬਣਦਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਅਤੇ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਕੀਤੀ ‘ਮੈਂ ਵਾਪਸ ਆਊਂਗਾ’ ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਦਿਲਜੀਤ ਦੁਸਾਂਝ ਦੀ ਬਤੌਰ ਲੀਡਿੰਗ ਅਦਾਕਾਰ ਮੰਗ ਵਿੱਚ ਵੀ ਚੌਖਾ ਇਜਾਫਾ ਹੋਇਆ ਹੈ, ਜੋ ਵੱਧ ਚੁੱਕੇ ਅਤਿ ਸਿਨੇਮਾ ਮਸ਼ਰੂਫੀਅਤ ਦੇ ਚੱਲਦਿਆਂ ਹੀ ਅਨੀਸ ਬਜ਼ਮੀ ਦੀ ਬਹੁ-ਚਰਚਿਤ ਸੀਕਵਲ ਫਿਲਮ ‘ਨੋ ਐਂਟਰੀ 2’ ਦਾ ਵੀ ਹਿੱਸਾ ਨਹੀਂ ਬਣ ਸਕੇ, ਜਿਸ ਵਿੱਚ ਵਰੁਣ ਧਵਨ ਅਤੇ ਅਰਜੁਨ ਕਪੂਰ ਨਾਲ ਤੀਜੀ ਅਹਿਮ ਭੂਮਿਕਾ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ।
ਜ਼ਿਕਰਯੋਗ ਇਹ ਵੀ ਹੈ ਕਿ ਦਿਲਜੀਤ ਦੁਸਾਂਝ ਪੰਜਾਬੀ ਸਿਨੇਮਾ ਦੇ ਪਹਿਲੇ ਅਜਿਹੇ ਅਦਾਕਾਰ ਹਨ, ਜਿੰਨ੍ਹਾਂ ਨੇ ਹਿੰਦੀ ਫਿਲਮ ਉਦਯੋਗ ਵਿੱਚ ਵੀ ਟੌਪ ਰੁਤਬਾ ਹਾਸਿਲ ਕਰ ਲਿਆ ਹੈ, ਜਦਕਿ ਉਨ੍ਹਾਂ ਦੇ ਪੈਰਲਲ ਕੋਈ ਵੀ ਹੋਰ ਪਾਲੀਵੁੱਡ ਸਟਾਰ ਪੰਜਾਬੀ ਇਸ ਤਰ੍ਹਾਂ ਦਾ ਸਿਨੇਮਾ ਅਧਿਆਏ ਹੁਣ ਤੱਕ ਕਾਇਮ ਕਰਨ ਅਸਫ਼ਲ ਰਿਹਾ ਹੈ।