ਚੰਡੀਗੜ੍ਹ 28 ਅਕਤੂਬਰ : ਪਿਛਲੇ ਦਿਨੀਂ ਕਾਂਗਰਸ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਨੂੰ ਨਸ਼ਾ ਵੇਚਦਿਆਂ ਫੜ੍ਹੇ ਜਾਣ ਪਿਛੋਂ ਅੱਜ ਇਕ ਹੋਰ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਕੱਲ੍ਹ ਪੁਲੀਸ ਵਲੋਂ 105 ਕਿੱਲੋ ਹੈਰੋਇਨ ਸਮੇਤ ਫੜ੍ਹਿਆ ਗਿਆ ਨਵਜੋਤ ਸਿੰਘ ਕਾਂਗਰਸ ਪਾਰਟੀ ਦਾ ਸਰਕਲ ਪ੍ਰਧਾਨ ਸੀ। ਅੱਜ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਧ ਨੇ ਦੱਸਿਆ ਕਿ ਫੜ੍ਹਿਆ ਗਿਆ ਨਸ਼ਾ ਸਮਗਲਰ ਨਵਜੋਤ ਸਿੰਘ ਕਾਂਗਰਸ ਪਾਰਟੀ ਦਾ ਬਾਬਾ ਬਕਾਲਾ ਸਰਕਲ ਦਾ ਸਰਕਲ ਪ੍ਰਧਾਨ ਹੈ।
ਤਰੁਨਪ੍ਰੀਤ ਸਿੰਘ ਸੋਂਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੁਹਾਲੀ ਤੋਂ ਫੜ੍ਹੀ ਗਈ ਕਾਂਗਰਸ ਪਾਰਟੀ ਦੀ ਸਾਬਕਾ ਵਿਧਇਕ ਸਤਕਾਰ ਕੌਰ ਵੀ ਬਾਅਦ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਾਲ 2022 ਵਿਚ ਕਾਂਗਰਸ ਪਾਰਟੀ ਨੇ ਸਤਿਕਾਰ ਕੌਰ ਨੂੰ ਟਿਕਟ ਨਾ ਦਿੱਤੀ ਤਾਂ ਉਸ ਵੇਲੇ ਸਤਕਾਰ ਕੌਰ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਈ ਸੀ। ਇਸ ਲਈ ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਅਤੇ ਭਾਜਪਾ ਆਗੂ ਹੀ ਪੰਜਾਬ ਵਿਚ ਨਸ਼ਿਆਂ ਦਾ ਧੰਦਾ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਦੇ ਸਰਕਲ ਪ੍ਰਧਾਨ ਤੋਂ ਫੜ੍ਹੀ ਗਈ ਹੈਰੋਇਨ ਦੀ ਕੀਮਤ 500 ਕਰੋੜ ਤੋਂ ਵੀ ਜਿਆਦਾ ਹੈ। ਇਹ ਨਸ਼ਾ ਪਾਕਿਸਤਾਨ ਤੋਂ ਮੰਗਵਾਇਆ ਗਿਆ ਸੀ। ਉਨ੍ਹਾਂ ਨੇ ਪੰਜਾਬ ਪੁਲੀਸ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਰਾਜਸੀ ਆਗੂ ਨੂੰ ਹੱਥ ਪਾਇਆ।
ਉਨ੍ਹਾਂ ਨੇ ਸਵਾਲ ਕੀਤਾ ਕਿ ਪੰਜਾਬ ਵਿਚ ਨਸ਼ਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਸੀ। ਫਿਰ ਨਸ਼ੇ ਲਈ ਮੁੱਖ ਦੋਸ਼ੀ ਕੌਣ ਹੋਇਆ? ਉਨ੍ਹਾਂ ਨੇ ਦੱਸਿਆ ਕਿ ਇਕ ਗੁਰਦੀਪ ਸਿੰਘ ਰਾਣੋ ਨਾਮ ਦਾ ਵਿਅਕਤੀ ਪਾਇਲ ਤੋਂ ਫੜ੍ਹਿਆ ਗਿਆ ਸੀ। ਉਸ ਰਾਣੋ ਨਾਮ ਦੇ ਵਿਅਕਤੀ ਪਾਸੋਂ ਵੱਡੀ ਮਾਤਰਾ ਵਿਚ ਨਸ਼ਾ ਅਤੇ ਅਸਲਾ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਗੁਰਦੀਪ ਸਿੰਘ ਰਾਣੋ ਦੇ ਸਬੰਧ ਵੀ ਅਕਾਲੀ ਦੇ ਪ੍ਰਮੁੱਖ ਆਗੂਆਂ ਨਾਲ ਨੇੜਲੇ ਸਬੰਧ ਸਨ। ਇਸ ਤੋਂ ਬਾਅਦ ਗੁਰਦੀਪ ਰਾਣੋ ਦੀਆਂ ਫੋਟੋਆਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਨਾਲ ਤਸਵੀਰਾਂ ਵੀ ਵਾਇਰਲ ਹੋਈਆਂ ਸਨ।
ਤਰੁਨਪ੍ਰੀਤ ਸਿੰਘ ਸੋਂਦ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਉਹ ਦੱਸਣਗੇ ਕਿ ਕਾਂਗਰਸ ਦੇ ਆਗੂ ਨਸ਼ਾ ਤਸਕਰੀ ਵਿਚ ਕਿਉਂ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਆਪ ਸਰਕਾਰ ਵਲੋਂ ਅਜਿਹੇ ਸਾਰੇ ਸਮਗਲਰਾਂ ਨੂੰ ਨੱਥ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਆਪ ਸਰਕਾਰ ਅਜਿਹੇ ਨਸ਼ਾ ਤਸਕਰ ਨੂੰ ਬਖਸ਼ੇਗੀ ਨਹੀਂ, ਜੋ ਪੰਜਾਬ ਵਿਚ ਨਸ਼ੇ ਦਾ ਧੰਦਾ ਕਰ ਰਹੇ ਹਨ।