Monday, July 13Malwa News
Shadow

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਤੋਂ ਰਾਜਵਿਆਪੀ ਸਵੱਛਤਾ ਮੁਹਿੰਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 13 ਜੁਲਾਈ: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸਵੱਛਤਾ ਪ੍ਰਤੀ ਵਿਆਪਕ ਜਨ-ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਚਕੂਲਾ ਤੋਂ ਰਾਜਵਿਆਪੀ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ  ਉਨ੍ਹਾਂ ਨੇ ਖੁਦ ਸ਼ਰਮਦਾਨ ਕਰਕੇ ਸਫਾਈ ਕੀਤੀ ਅਤੇ ਸੂਬਾ ਵਾਸੀਆਂ ਨੂੰ ਸਵੱਛਤਾ ਨੂੰ ਜਨ-ਅੰਦੋਲਨ ਬਣਾਉਣ ਦੀ ਅਪੀਲ ਕੀਤੀ ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੁਹਿੰਮ ਦੀ ਸ਼ੁਰੂਆਤ ਪੰਚਕੂਲਾ ਦੇ ਸੈਕਟਰ-20 ਦੀ ਮੁੱਖ ਮਾਰਕੀਟ ਦੇ ਸਾਹਮਣੇ ਖੁਦ ਝਾੜੂ ਲਗਾ ਕੇ ਕੀਤੀ। ਉਨ੍ਹਾਂ ਨੇ ਆਸ-ਪਾਸ ਦੇ ਇਲਾਕੇ ਦੀ ਸਫਾਈ ਕਰਦੇ ਹੋਏ ਨਾਗਰਿਕਾਂ ਨੂੰ ਸਵੱਛ ਵਾਤਾਵਰਣ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਕੂੜੇ ਦੇ ਵਿਗਿਆਨਕ ਅਤੇ ਉਚਿਤ ਨਿਪਟਾਰੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਖੁਦ ਕੂੜਾ ਇਕੱਠਾ ਕਰਕੇ ਰੇਹੜੀ ਵਿੱਚ ਪਾਇਆ। ਇਸ ਮੌਕੇ  ‘ਤੇ  ਉਨ੍ਹਾਂ ਨੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਪੌਦੇ ਵੀ ਲਗਾਏ।

ਇਸ ਮੌਕੇ ‘ਤੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਵੱਛਤਾ ਸਿਰਫ਼ ਸਰਕਾਰ ਦੀ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਵੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਆਪਣੇ ਘਰ, ਮੁਹੱਲੇ, ਬਾਜ਼ਾਰ ਅਤੇ ਜਨਤਕ ਸਥਾਨਾਂ ਨੂੰ ਸਾਫ਼ ਰੱਖਣ ਅਤੇ ਕੂੜੇ ਦਾ ਉਚਿਤ ਪ੍ਰਬੰਧਨ ਯਕੀਨੀ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ।

ਮੁੱਖ ਮੰਤਰੀ ਸ੍ਰੀਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਵੱਛਤਾ ਦੇ ਸੰਦੇਸ਼ ਤੋਂ ਪ੍ਰੇਰਿਤ ਹੋ ਕੇ ਦੇਸ਼ ਭਰ ਦੇ ਲੋਕਾਂ ਨੇ ਸਵੱਛਤਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਭਿੰਨ ਅੰਗ ਬਣਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 17 ਜੁਲਾਈ ਨੂੰ ਹਰਿਆਣਾ ਦੇ ਦੌਰੇ ‘ਤੇ ਆਉਣਗੇ। ਇਸ ਮੌਕੇ ਨੂੰ ਧਿਆਨ ਵਿੱਚ ਰੱਖਦਿਆਂ 13 ਜੁਲਾਈ ਤੋਂ 17 ਜੁਲਾਈ ਤੱਕ ਪੂਰੇ ਹਰਿਆਣਾ ਵਿੱਚ ਰੋਜ਼ਾਨਾ ਵਿਆਪਕ ਪੱਧਰ ‘ਤੇ ਸਵੱਛਤਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ, ਜਿਸ ਦੀ ਸ਼ੁਰੂਆਤ ਅੱਜ ਪੰਚਕੂਲਾ ਤੋਂ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸੂਬੇ ਦੇ ਵੱਖ-ਵੱਖ ਸਥਾਨਾਂ ‘ਤੇ ਮੰਤਰੀ, ਸੰਸਦ ਮੈਂਬਰ, ਵਿਧਾਇਕ, ਸਥਾਨਕ ਨੁਮਾਇੰਦੇ ਅਤੇ ਪਾਰਟੀ ਅਹੁਦੇਦਾਰ ਸਵੱਛਤਾ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਂਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਵੱਛ ਅਤੇ ਵਿਕਸਤ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਣ ਦਾ ਕੰਮ ਕਰਨਗੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਹਰਿਆਣਾ ਆਉਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਪਣੇ ਹਰਿਆਣਾ ਦੌਰੇ ਦੌਰਾਨ ਇੱਕ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਹਰਿਆਣਾ ਦੇ ਵਿਕਾਸ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਅੱਜ ਪੂਰੀ ਦੁਨੀਆ ਮਹਿਸੂਸ ਕਰ ਰਹੀ ਹੈ, ਵਾਤਾਵਰਣ ਦੀਆਂ ਚੁਣੌਤੀਆਂ ਵਧ ਗਈਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਸ੍ਰੀਨਰੇਂਦਰ ਮੋਦੀ ਨੇ ‘ਇੱਕ ਪੇੜ ਮਾਂ ਦੇ ਨਾਮ’ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਵਾਸੀਆਂ ਨੂੰ ਆਪਣੀ ਮਾਂ ਦੇ ਸਨਮਾਨ ਵਿੱਚ ਘੱਟੋ-ਘੱਟ ਇੱਕ ਪੌਦਾ ਲਗਾਉਣ ਅਤੇ ਉਸਦੀ ਸਾਂਭ-ਸੰਭਾਲ ਕਰਨ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਵੀ ਇਸ ਮੁਹਿੰਮ ਨਾਲ ਜੁੜਦੇ ਹੋਏ ਘੱਟੋ-ਘੱਟ ਇੱਕ ਪੌਦਾ ਲਗਾਉਣ ਅਤੇ ਉਸਦੀ ਨਿਯਮਤ ਦੇਖਭਾਲ ਕਰਕੇ ਉਸਨੂੰ ਰੁੱਖ ਬਣਨ ਤੱਕ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਵੱਧ ਤੋਂ ਵੱਧ ਪੌਦੇ ਲਗਾਉਣ ਨਾਲ ਵਾਤਾਵਰਣ ਸਾਫ਼ ਹੋਵੇਗਾ, ਹਵਾ ਪ੍ਰਦੂਸ਼ਣ ਘਟੇਗਾ ਅਤੇ ਲੋਕਾਂ ਦੀ ਸਿਹਤ ਬਿਹਤਰ ਹੋਵੇਗੀ, ਜਿਸ ਨਾਲ ਕਈ ਬਿਮਾਰੀਆਂ ਦੀ ਰੋਕਥਾਮ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸੰਕਲਪ ਲਿਆ ਹੈ ਕਿ ਉਹ ਜਿੱਥੇ ਵੀ ਜਾਣਗੇ, ਉੱਥੇ ਘੱਟੋ-ਘੱਟ 100 ਪੌਦੇ ਜ਼ਰੂਰ ਲਗਾਉਣਗੇ। ਇਸੇ ਲੜੀ ਵਿੱਚ ਅੱਜ ਪੰਚਕੂਲਾ ਵਿੱਚ ਵੀ ਪੌਦੇ ਲਗਾਏ ਗਏ।

ਇਸ ਮੌਕੇ  ‘ਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਪੰਚਕੂਲਾ ਦੇ ਮੇਅਰ ਸ੍ਰੀਸ਼ਿਆਮ ਲਾਲ ਬਾਂਸਲ, ਹਰਿਆਣਾ ਸ਼ਿਵਾਲਿਕ ਵਿਕਾਸ ਬੋਰਡ ਦੇ ਕਾਰਜਕਾਰੀ ਉਪ ਚੇਅਰਮੈਨ ਸ੍ਰੀਓਮ ਪ੍ਰਕਾਸ਼ ਦੇਵੀਨਗਰ, ਭਾਜਪਾ ਸੂਬਾ ਮੀਤ ਪ੍ਰਧਾਨ ਸ੍ਰੀਮਤੀ ਬੰਤੋ ਕਟਾਰੀਆ, ਸਾਬਕਾ ਮੇਅਰ ਸ੍ਰੀਕੁਲਭੂਸ਼ਣ ਗੋਇਲ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ ਸਮੇਤ ਹੋਰ ਮਾਣਯੋਗ ਸੱਜਣ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਮੌਜ਼ੂਦ ਸਨ।